
ਹਰਿਆਣਾ ਦੀਆਂ ਸਰਹੱਦਾਂ ਸੀਲ ਕਰਨ ਦੇ ਵਿਰੋਧ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੁਤਲੇ ਫੂਕੇ
ਹਰਿਆਣਾ ਪੁਲਿਸ ਵਲੋਂ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਅਤੇ ਤਸ਼ੱਦਦ ਦੀ ਨਿਖੇਧੀ
ਚੰਡੀਗੜ੍ਹ, 25 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕੇਂਦਰ- ਸਰਕਾਰ ਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਦੇਸ਼-ਭਰ ਦੀਆਂ ਕਰੀਬ 500 ਕਿਸਾਨ-ਜਥੇਬੰਦੀਆਂ ਦਾ ਸਾਂਝਾ ਕਿਸਾਨ ਮੋਰਚਾ ਕੇਂਦਰ ਮੋਦੀ-ਸਰਕਾਰ ਦੀ ਅੜ ਭੰਨਣ ਦੇ ਰੌਂਅ 'ਚ ਹੈ। ਕਿਸਾਨ ਮੋਦੀ ਸਰਕਾਰ ਤੋਂ ਪਾਈ ਪਾਈ ਦਾ ਹਿਸਾਬ ਲੈਣਾ ਚਾਹੁੰਦੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੋਦੀ ਹੁਣ ਦੇਸ਼ ਭਰ ਦੇ ਕਿਸਾਨਾਂ ਦੇ ਮਨ-ਕੀ-ਬਾਤ ਸੁਣੇ ।
ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਅੜਿੱਕਾ ਨਾ ਬਣੇ, ਉਹ ਦਿੱਲੀ ਹਰ ਹੀਲੇ ਜਾਣਗੇ। ਆਗੂਆਂ ਨੇ ਦਸਿਆ ਕਿ ਤੈਅ ਕੀਤੇ ਰਸਤਿਆਂ 'ਚ ਲਾਲੜੂ (ਚੰਡੀਗੜ੍ਹ-ਦਿੱਲੀ ਹਾਈਵੇ), ਸ਼ੰਭੂ (,ਅੰਮ੍ਰਿਤਸਰ-ਦਿੱਲੀ ਹਾਈਵੇ), ਪਟਿਆਲਾ-ਪਿਹੇਵਾ, ਪਟਿਆਲਾ-ਚੀਕਾ, ਪਾਤੜਾਂ-ਖਨੌਰੀ, ਮੂਣਕ-ਟੋਹਾਣਾ, ਰਤੀਆ-ਫਤਿਆਬਾਦ, ਤਲਵੰਡੀ-ਸਿਰਸਾ ਆਦਿ ਸ਼ਾਮਲ ਹਨ, ਜੇਕਰ ਰਸਤਿਆਂ 'ਚ ਉਹਨਾਂ ਨਾਲ ਮੱਥਾ ਲਾਇਆ ਗਿਆ ਤਾਂ ਉੱਥੇ ਹੀ ਅਣਮਿੱਥੇ ਸਮੇਂ ਲਈ 'ਡੇਰਾ ਡਾਲੋ-ਘੇਰਾ ਡਾਲੋ' ਦੇ ਸੱਦੇ ਤਹਿਤ ਅਣਮਿੱਥੇ ਸਮੇਂ ਲਈ ਮੋਰਚੇ ਲਾ ਦਿੱਤੇ ਜਾਣਗੇ।
ਪੰਜਾਬ ਦੀਆਂ 30-ਕਿਸਾਨ ਜਥੇਬੰਦੀਆਂ ਨੇ ਅੰਦੋਲਨ ਦੇ 56ਵੇਂ ਦਿਨ 26-27 ਨਵੰਬਰ ਤੋਂ ਦਿੱਲੀ-ਚੱਲੋ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਪੂਰਾ ਜ਼ੋਰ ਲਾਇਆ। ਪੰਜਾਬ ਦੀਆਂ ਕਰੀਬ 50 ਥਾਵਾਂ 'ਤੇ ਹਰਿਆਣਾ ਦੇ ਮੁੱਖ-ਮੰਤਰੀ ਮਨੋਹਰ ਲਾਲ ਖੱਟੜ ਦੇ ਪੁਤਲੇ ਫੂਕਦਿਆਂ ਖੱਟੜ ਸਰਕਾਰ ਵਲੋਂ ਹਰਿਆਣੇ ਦੀਆਂ ਸਰਹੱਦਾਂ-ਸੀਲ ਕਰਨ, ਹਰਿਆਣਾ ਦੇ 80 ਦੇ ਕਰੀਬ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ, ਸੜਕਾਂ 'ਤੇ ਉਤਰੇ ਕਿਸਾਨਾਂ 'ਤੇ ਪਾਣੀ ਦੀਆਂ ਵਾਛੜਾਂ ਮਾਰਨ ਅਤੇ ਕਿਸਾਨ-ਅੰਦੋਲਨ ਨੂੰ ਜ਼ਬਰ ਨਾਲ ਦਬਾਉਣ ਦੀਆਂ ਚਾਲਾਂ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਨੇ ਮਨੋਹਰ ਲਾਲ ਖੱਟੜ ਦੇ ਪੁਤਲੇ ਫੂਕੇ।
ਕਿਸਾਨ-ਆਗੂਆਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਖਾਹਮਖਾਹ ਕਿਸਾਨਾਂ ਦੇ ਰਾਹ 'ਚ ਅੜਿੱਕਾ ਬਣ ਰਹੀ। ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਗ਼ੈਰ-ਜਮਹੂਰੀ ਹੈ। ਪੰਜਾਬ ਦੇ ਕਿਸਾਨ ਬੜੀ ਸੂਝ-ਬੂਝ ਵਰਤ ਰਹੇ ਹਨ, ਪਰ ਹਰਿਆਣਾ ਸਰਕਾਰ ਖ਼ੁਦ ਹੀ ਹਰਿਆਣੇ ਦੀ ਨਾਕੇਬੰਦੀ ਕਰ ਰਹੀ ਹੈ।
ਕਿਸਾਨ-ਆਗੂਆਂ ਨੇ ਕਿਹਾ ਕਿ ਪੰਜਾਬ ਭਰ 'ਚ ਟੋਲ-ਪਲਾਜ਼ਿਆਂ, ਅੰਬਾਨੀਆਂ ਦੇ ਰਿਲਾਇੰਸ ਪੰਪਾਂ, ਭਾਜਪਾ ਆਗੂਆਂ ਦੇ ਘਰਾਂ, ਰੇਲਵੇ-ਪਾਰਕਾਂ ਨੇੜੇ ਅਤੇ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਸਾਹਮਣੇ ਚੱਲ ਰਹੇ ਪੱਕੇ-ਮੋਰਚੇ ਵੀ ਜਾਰੀ ਰਹਿਣਗੇ, ਹਾਲਾਂਕਿ ਜਰੂਰਤ ਅਨੁਸਾਰ ਧਰਨਿਆਂ ਦੀ ਗਿਣਤੀ ਘਟਾਈ ਜਾ ਸਕਦੀ ਹੈ। ਪੰਜਾਬ ਭਰ ਦੇ ਲੱਖਾਂ ਕਿਸਾਨ ਹਲਕੀ ਬਰਸਾਤ ਅਤੇ ਠੰਢ ਦੇ ਮੌਸਮ ਦੇ ਬਾਵਜੂਦ ਜ਼ੋਸ਼ ਨਾਲ ਦਿੱਲੀ ਜਾਣ ਲਈ ਪੱਬਾਂ ਭਾਰ ਹਨ।
ਪੰਜਾਬ ਦੇ ਹਰਿਆਣਾ ਤੋਂ ਦੂਰ ਵਾਲੇ ਜਿਲ੍ਹਿਆਂ ਦੇ ਕਿਸਾਨਾਂ ਦੇ ਕਾਫ਼ਲੇ ਇੱਕ ਦਿਨ ਪਹਿਲਾਂ ਹੀ ਰਵਾਨਾ ਹੋ ਕੇ ਵੱਖ-ਵੱਖ ਰਸਤਿਓਂ ਹਰਿਆਣਾ ਦੀਆਂ ਹੱਦਾਂ ਦੇ ਨਜ਼ਦੀਕ ਪਹੁੰਚ ਗਏ ਹਨ। ਕਿਸਾਨ-ਆਗੂਆਂ ਨੇ ਕੇਂਦਰ-ਸਰਕਾਰ ਵਲੋਂ 3 ਦਸੰਬਰ ਨੂੰ ਮੀਟਿੰਗ ਲਈ ਭੇਜੇ ਸੱਦੇ 'ਤੇ 30-ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਕਰਕੇ ਫ਼ੈਸਲਾ ਲੈਣ ਦੀ ਗੱਲ ਦੁਹਰਾਈ।
ਕਿਸਾਨ ਲਹਿਰ ਲਈ ਘਾਟਾ : ਟੋਲ- ਪਲਾਜ਼ਾ ਮਹਿਲ ਕਲਾਂ(ਬਰਨਾਲਾ) ਦੇ ਨਜ਼ਦੀਕ ਸਾਂਝੇ ਕਿਸਾਨ ਮੋਰਚੇ ਦੇ 26-27 ਨਵੰਬਰ ਦਿੱਲੀ ਮਾਰਚ ਦੀ ਤਿਆਰੀ ਕਰ ਰਹੇ ਧਨੇਰ ਪਿੰਡ ਦੇ ਬੀimageਕੇਯੂ-ਏਕਤਾ(ਡਕੌਂਦਾ) ਦੇ ਜਿਲ੍ਹਾ ਆਗੂ ਕਾਹਨ ਸਿੰਘ ਧਨੇਰ ਸੜਕ ਹਾਦਸੇ ਦੌਰਾਨ ਸ਼ਹੀਦ ਹੋ ਗਏ।