
ਬੂਟਾਂ ਦੇ ਗੋਦਾਮ ਵਿਚ ਲੱਗੀ ਭਿਆਨਕ ਅੱਗ
ਅੱਗ ਬੁਝਾਊ ਦਸਤਿਆਂ ਨੇ ਅੱਠ ਘੰਟੇ ਬਾਅਦ ਪਾਇਆ ਅੱਗ ਉਤੇ ਕਾਬੂ
ਪਟਿਆਲਾ, 25 ਨਵੰਬਰ (ਤੇਜਿੰਦਰ ਫ਼ਤਿਹਪੁਰ/ਗਗਨਦੀਪ ਸਿੰਘ): ਰਾਜਪੁਰਾ ਰੋਡ ਉੱਤੇ ਸਥਿਤ ਸਟਾਇਲ ਯੂਅਰ ਫ਼ੀਟ ਨਾਮਕ ਸ਼ੌਰੂਮ ਦੇ ਹੇਠਾਂ ਬਣੇ ਬੂਟਾਂ ਦੇ ਗੌਦਾਮ ਵਿਚ ਬੁਧਵਾਰ ਸਵੇਰੇ ਕਰੀਬ ਸਾਢੇ ਪੰਜ ਵਜੇ ਭਿਆਨਕ ਅੱਗ ਲੱਗ ਗਈ। ਅੱਗ ਉੱਤੇ ਕਾਬੂ ਪਾਉਣ ਲਈ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚੀਆਂ ਪ੍ਰੰਤੂ ਗੋਦਾਮ ਚਾਰੇ ਪਾਸੇ ਤੋਂ ਬੰਦ ਹੋਣ ਦੇ ਕਾਰਨ ਅੱਗ ਉੱਤੇ ਕਾਬੂ ਪਾਉਣ ਵਿਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਆਸਪਾਸ ਦੇ ਇਲਾਕੇ ਵਿਚ ਅੱਗ ਨਾ ਫੈਲੇ, ਇਸ ਲਈ ਰਾਜਪੁਰਾ ਤੋਂ ਵੀ ਫ਼ਾਇਰ ਬਿਗ੍ਰੇਡ ਦੀਆਂ ਗੱਡੀਆਂ ਘਟਨਾ ਸਥਾਨ ਉਤੇ ਮੰਗਵਾਈਆਂ ਗਈਆਂ। ਹਾਲਤ ਬੇਕਾਬੂ ਹੋਣ ਦੀ ਖ਼ਬਰ ਮਿਲਦਿਆਂ ਸਾਰ ਹੀ ਮੇਅਰ ਸੰਜੀਵ ਸ਼ਰਮਾ ਬਿੱਟੂ ਸਵੇਰੇ ਪੌਣੇ ਛੇ ਵਜੇ ਘਟਨਾ ਸਥਾਨ ਉੱਤੇ ਪੁੱਜੇ। ਸ਼ੌਅਰੂਮ ਦੇ ਮਾਲਕ ਨੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਦਸਿਆ ਕਿ ਬੁਧਵਾਰ ਸਵੇਰੇ ਕਰੀਬ ਪੰਜ ਵਜੇ ਸੈਰ ਕਰਣ ਵਾਲੇ ਕੁੱਝ ਲੋਕਾਂ ਨੇ ਉਨ੍ਹਾਂ ਨੂੰ ਫ਼ੋਨ ਉਤੇ ਅੱਗ ਦੀ ਸੂਚਨਾ ਦਿਤੀ ਅਤੇ ਉਨ੍ਹਾਂ ਤੁਰਤ ਇਸ ਸਬੰਧੀ ਫ਼ਾਇਰ ਬ੍ਰਿਗੇਡ ਨੂੰ ਸੂਚਨਾ ਦਿਤੀ ਗਈ। ਫ਼ਾਇਰ ਬਿਗ੍ਰੇਡ ਦੀ ਪਹਿਲੀ ਗੱਡੀ ਜਦੋਂ ਘਟਨਾ ਸਥਾਨ ਉੱਤੇ ਪਹੁੰਚੀ, ਉਸ ਸਮੇਂ ਤਕ ਧੂੰਏਂ ਦਾ ਗੁੱਬਾਰ ਆਸਾਮਾਨ ਦੇ ਵਲ ਜਾਣਾ ਸ਼ੁਰੂ ਹੋ ਚੁੱਕਿਆ ਸੀ।
ਹਾਲਾਤ ਨੂੰ ਬੇਕਾਬੂ ਹੁੰਦੇ ਵੇਖ ਮੌਕੇ ਉੱਤੇ ਇਕ ਤੋਂ ਬਾਅਦ ਇਕ ਕੁਲ ਚਾਰ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ। ਅੱਗ ਉਤੇ ਕਾਬੂ ਪੈਂਦਾ ਨਾ ਵੇਖ ਰਾਜਪੁਰਾ ਤੋਂ ਵੀ ਇਕ ਗੱਡੀ ਨੂੰ ਮੌਕੇ ਉੱਤੇ ਬੁਲਾਇਆ ਗਿਆ। ਫ਼ਾਇਰ ਸਟੇਸ਼ਨ ਅਫ਼ਸਰ ਲਛਮਣ ਦਾਸ ਸ਼ਰਮਾ ਅਤੇ ਸਬ ਫਾਇਰ ਅਫ਼ਸਰ ਮਦਨ ਗੋਪਾਲ ਨੇ ਦਸਿਆ ਕਿ ਲਗਾਤਾਰ ਅੱਠ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਜਾ ਸਕਿਆ।
ਉਨ੍ਹਾਂ ਨੇ ਦਸਿਆ ਕਿ ਜੇਸੀਬੀ ਦੀ ਸਹਾਇਤਾ ਨਾਲ ਬੇਸਮੇਂਟ ਵੇਚ ਬਣਾਏ ਗੋਦਾਮ ਤਕ ਪਾਣੀ ਪਹੁੰਚਾਣ ਲਈ ਇਕ ਰੋਸ਼ਨਦਾਰ ਤਿਆਰ ਕੀਤਾ ਗਿਆ ਅਤੇ ਉਸ ਵਿਚ ਪਾਣੀ ਦੀ ਫੁਹਾਰੇ ਛੱਡ ਕੇ ਅੱਗ ਨੂੰ ਉਤੇ ਕਾਬੂ ਪਾਇਟਾ ਗਿਆ।
ਫੋਟੋ ਨੰ: 25 ਪੀਏਟੀ 13