ਪੰਜਾਬ-ਹਰਿਆਣਾ ਦੀਆਂ ਸਰਹੱਦਾਂ 'ਤੇ ਬਣ ਰਹੀ ਸਥਿਤੀ ਤਣਾਅਪੂਰਨ
ਹਰਿਆਣਾ ਪੁਲਿਸ ਬੇਵੱਸ, ਕੇਂਦਰੀ ਬਲਾਂ ਦੀਆਂ ਪੰਜ ਕੰਪਨੀਆਂ ਮਦਦ ਲਈ ਪੁੱਜੀਆਂ
ਚੰਡੀਗੜ੍ਹ, 25 ਨਬੰਬਰ (ਗੁਰਉਪਦੇਸ਼ ਭੁੱਲਰ): ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ 26-27 ਨਵੰਬਰ ਦੇ ਦਿੱਲੀ ਕੂਚ ਤੋਂ ਪਹਿਲਾਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਦੇ ਵੱਡੇ ਕਾਫ਼ਲੇ ਰਾਸ਼ਨ ਪਾਣੀ ਦੀਆਂ ਭਰੀਆਂ ਟਰਾਲੀਆਂ ਸਮੇਤ ਪੰਜਾਬ ਹਰਿਆਣਾ ਦੀਆਂ ਸਰਹੱਦਾਂ 'ਤੇ ਠੰਢ ਵਧਣ ਦੇ ਬਾਵਜੂਦ ਪਹੁੰਚਣ ਬਾਅਦ ਹਰਿਆਣਾ ਦੀ ਖੱਟਰ ਸਰਕਾਰ ਤੇ ਕੇਂਦਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਕੂਚ ਦੇ ਨਿਰਧਾਰਤ ਪ੍ਰੋਗਰਾਮ ਤੋਂ ਪਹਿਲਾਂ ਹੀ ਅੱਜ ਹਰਿਆਣਾ ਦੇ ਕਿਸਾਨਾਂ ਨੂੰ ਸੰਭਾਲਣਾ ਹੀ ਖੱਟਰ ਸਰਕਾਰ ਲਈ ਔਖਾ ਹੋ ਗਿਆ ਹੈ। ਗੁਰਨਾਮ ਸਿੰਘ ਚੜੂਕੀ ਦੀ ਅਗਵਾਈ ਹੇਠ ਹਰਿਆਣਾ ਦੇ ਹਜ਼ਾਰਾਂ ਕਿਸਾਨ ਪੁਲਿਸ ਦੇ ਸਾਰੇ ਨਾਕੇ ਤੋੜ ਕੇ
ਪਾਣੀਆਂ ਬੁਛਾਰਾਂ ਦਾ ਸਾਹਮਣਾ ਕਰਦੇ ਅੰਬਾਲਾ ਦੀ ਹੱਦ ਨੂੰ ਪਾਰ ਕਰ ਕੇ ਕੁਰੂਕਸ਼ੇਤਰ ਖੇਤਰ ਨੂੰ ਵੀ ਪਾਰ ਕਰ ਗਏ।
ਦੂਜੇ ਪਾਸੇ ਪੰਜਾਬ ਦੇ ਲੱਖਾਂ ਕਿਸਾਨ ਵੀ ਪ੍ਰਵਾਰਕ ਜੀਆਂ ਸਮੇਤ ਕਾਫ਼ਲਿਆਂ ਦੇ ਰੂਪ ਵਿਚ ਪੰਜਾਬ ਤੋਂ ਜਾਂਦੇ 8 ਰਸਤਿਆਂ ਰਾਹੀਂ ਹਰਿਆਣਾ ਦੀਆਂ ਹੱਦਾਂ 'ਤੇ ਜਮ੍ਹਾਂ ਹੋ ਕੇ ਪੱਕੇ ਡੇਰੇ ਲਾ ਰਹੇ ਹਨ। ਇਸ ਤਰ੍ਹਾਂ 26 ਨਵੰਬਰ ਨੂੰ ਦਿੱਲੀ ਵੱਲ ਕੂਚ ਸ਼ਰੂ ਹੋਣ ਤੋਂ ਪਹਿਲਾਂ ਹਰਿਆਣਾ ਸਰਕਾਰ ਵਲੋਂ ਸਰਹੱਦਾਂ ਸੀਲ ਕਰ ਕੇ ਪੰਜਾਬ ਦੇ ਕਿਸਾਨਾਂ ਦੇ ਰਾਹ ਵਿਚ ਆਉਣ ਤੇ ਹਰਿਆਣਾ ਦੇ ਕਿਸਾਨਾਂ ਵਿਰੁਧ ਕਾਰਵਾਈ ਕਾਰਨ ਪੰਜਾਬ-ਹਰਿਆਣਾ ਦੀਆਂ ਸਰਹੱਦਾਂ 'ਤੇ ਦਿੱਲੀ ਵੱਲ ਜਾਂਦੇ ਰਸਤਿਆਂ 'ਤੇ ਸਥਿਤੀ ਤਣਾਅਪੂਰਨ ਬਣ ਰਹੀ ਹੈ। ਸਥਿਤੀ ਹੁਣ ਇਕੱਲੀ ਹਰਿਆਣਾ ਪੁਲਿਸ ਦੇ ਵਸ ਵਿਚ ਨਹੀਂ ਰਹੀ ਅਤੇ ਕੇਂਦਰੀ ਸੁਰੱਖਿਆ ਬਲ ਵੀ ਤੈਨਾਤ ਹੋ ਚੁੱਕੇ ਹਨ। ਦੰਗਾ ਰੋਕੂ ਵਿਰੋਧੀ ਕੇਂਦਰੀ ਫ਼ੋਰਸ ਆਰ.ਏ.ਐਫ਼ ਦੀਆਂ 5 ਕੰਪਨੀਆਂ ਨੂੰ ਹਰਿਆਣਾ ਤੇ ਦਿੱਲੀ ਦੇ ਖੇਤਰ ਵਿਚਕਾਰ ਹੱਦਾਂ 'ਤੇ ਪੁਲਿਸ ਨਾਲ ਤੈਨਾਤ ਹਨ। ਪੰਜਾਬ-ਹਰਿਆਣਾ ਦੀਆਂ ਸਰਹੱਦਾਂ 'ਤੇ ਕਿਸਾਨਾਂ ਵਲੋਂ ਡੇਰੇ ਜਮਾ ਲੈਣ ਬਾਅਦ ਦਿੱਲੀ ਨੂੰ ਜਾਂਦੇ ਕੌਮੀ ਮਾਰਗ 'ਤੇ ਜਾਮ ਲੱਗਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਕਈ ਰਾਜ ਦੇ ਦਿੱਲੀ ਨਾਲੋਂ ਕੱਟ ਜਾਣਗੇ ਜਦਕਿ ਹਰਿਆਣਾ ਸਰਕਾਰ ਨੇ ਪਹਿਲਾਂ ਹੀ ਪੰਜਾਬ ਵੱਲ ਬੱਸ ਸੇਵਾਵਾਂ 3 ਦਿਨ ਲਈ ਬੰਦ ਕਰ ਦਿਤੀਆਂ ਹਨ ਤੇ ਆਮ ਲੋਕਾਂ ਦੇ ਪੰਜਾਬ ਹਰਿਆਣਾ ਦੀ ਹੱਦ ਵਲ ਆਉਣ ਦੀ ਤਿੰਨ ਦਿਨ ਲਈ ਮਨਾਹੀ ਵੀ ਕਰ ਦਿਤੀ ਹੈ। ਇਸ ਤਰ੍ਹਾਂ ਕਿਸਾਨ ਪੱਕੇ ਤੌਰ 'ਤੇ 26-27 ਬਾਅਦ ਹੱਦਾਂ ਤੇ ਡੱਟ ਗਏ ਤਾਂ ਹਰਿਆਣਾ ਤੋਂ ਇਲਾਵਾ ਕੇਂਦਰ ਸਰਕਾਰ ਲਈ ਵੀ ਦਿੱਲੀ ਦੀ ਘੇਰਾਬੰਦੀ ਹੋਣ ਜਾਣ ਨਾਲ ਵੱਡੀ ਮੁਸ਼ਕਲ ਖੜੀ ਹੋ ਸਕਦੀ ਹੈ।