
ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਹੋਈ ਲੜਕੇ ਦੀ ਮੌਤ
ਲੰਡਨ : ਪੱਛਮੀ ਲੰਡਨ ਦੀ ਸੜਕ ’ਤੇ 16 ਸਾਲਾ ਬ੍ਰਿਟਿਸ਼ ਸਿੱਖ ਮੁੰਡੇ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਚਾਣ ਅਸ਼ਮੀਤ ਸਿੰਘ ਦੇ ਨਾਂ ਤੋਂ ਹੋਈ ਹੈ। ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਉਨ੍ਹਾਂ ਨੂੰ ਸਾਊਥ ਹਾਲ ਦੇ ਰਾਲੇਹ ਰੋਡ ਤੋਂ ਕਿਸੇ ਨੂੰ ਚਾਕੂ ਮਾਰਨ ਦੀ ਸੂਚਨਾ ਮਿਲੀ ਸੀ।
Murder
ਪੁਲਿਸ ਲੰਡਨ ਐਂਬੂਲੈਂਸ ਸੇਵਾ ਦੇ ਪੈਰਾਮੈਡਿਕਸ ਨਾਲ ਮੌਕੇ ’ਤੇ ਪੁੱਜੀ। ਪੁਲਿਸ ਨੇ ਦੱਸਿਆ, ‘ਐਮਰਜੈਂਸੀ ਸੇਵਾਵਾਂ ਦੀ ਕੋਸ਼ਿਸ਼ ਦੇ ਬਾਵਜੂਦ ਕੁੱਝ ਦੇਰ ਬਾਅਦ ਅਸ਼ਮੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
Crime
ਸੋਸ਼ਲ ਮੀਡੀਆ ’ਤੇ ਇਸ ਵਾਰਦਾਤ ਦੀ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿਚ ਸਾਫ਼ ਤੌਰ 'ਤੇ ਦਿਖਿਆ ਜਾ ਸਕਦਾ ਹੈ ਕਿ ਪੁਲਿਸ ਜ਼ਖ਼ਮੀ ਮੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਵਨਿੰਗ ਸਟੈਂਡਰਡ ਦੀ ਰਿਪੋਰਟ ਮੁਤਾਬਕ ਅਸ਼ਮੀਤ ਦੇ ਦੋਸਤਾਂ ਨੂੰ ਸ਼ੱਕ ਹੈ ਕਿ ਬਦਮਾਸ਼ਾਂ ਨੇ ਨਕਲੀ ਗੁਚੀ ਬੈਗ ਲੁੱਟਣ ਲਈ ਅਸ਼ਮੀਤ ’ਤੇ ਹਮਲਾ ਕੀਤਾ ਹੋਵੇਗਾ, ਜੋ ਉਹ ਹਮੇਸ਼ਾ ਆਪਣੇ ਕੋਲ ਰੱਖਦਾ ਸੀ। ਸਥਾਨਕ ਲੋਕਾਂ ਮੁਤਾਬਕ ਅਸ਼ਮੀਤ ’ਤੇ ਜਿਸ ਜਗ੍ਹਾ ਹਮਲਾ ਹੋਇਆ, ਉਥੇ ਨੇੜੇ ਹੀ ਉਹ ਆਪਣੀ ਦਿਵਿਆਂਗ ਮਾਂ ਨਾਲ ਰਹਿੰਦਾ ਸੀ। ਘਰ ਦੇ ਖ਼ਰਚ ਲਈ ਉਹ ਇਕ ਦੁਕਾਨ ’ਤੇ ਪਾਰਟ-ਟਾਈਮ ਕੰਮ ਕਰਦਾ ਸੀ।