
ਬੇਰੁਜ਼ਗਾਰ ਅਧਿਆਪਕਾਂ ਅਤੇ ਕੱਢੇ ਜਾ ਰਹੇ ਗੈਸਟ ਫ਼ੈਕੇਲਿਟੀ ਟੀਚਰਾਂ ਨੂੰ ਭਲਕੇ ਮਿਲਣ ਆਉਣਗੇ ਅਰਵਿੰਦ ਕੇਜਰੀਵਾਲ
ਸਿਸੋਦੀਆ ਸੌਂਪਣਗੇ ਦਿੱਲੀ ਦੇ 250 ਸਕੂਲਾਂ ਦੀ ਸੂਚੀ, ਪਰਗਟ ਸਿੰਘ ਕੋਲ਼ੋ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸੂਚੀ ਮੰਗੀ
ਸਿੱਖਿਆ ਵਿਵਸਥਾ ਉਤੇ ਸਕਾਰਾਤਮਕ ਬਹਿਸ ਦੇ ਨਿਕਲਣਗੇ ਅਹਿਮ ਨਤੀਜੇ: ਹਰਪਾਲ ਸਿੰਘ ਚੀਮਾ
ਬੇਰੁਜ਼ਗਾਰ ਅਧਿਆਪਕਾਂ ਅਤੇ ਕੱਢੇ ਜਾ ਰਹੇ ਗੈਸਟ ਫ਼ੈਕੇਲਿਟੀ ਟੀਚਰਾਂ ਨੂੰ ਭਲਕੇ ਮਿਲਣ ਆਉਣਗੇ ਅਰਵਿੰਦ ਕੇਜਰੀਵਾਲ
ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਸਮੁੱਚੀ ਸਿੱਖਿਆ ਵਿਵਸਥਾ ਦੀ ਮਾੜੀ ਹਾਲਤ ਨੂੰ ਲੈ ਕੇ ਦਿੱਲੀ ਅਤੇ ਪੰਜਾਬ ਦੇ ਸਿੱਖਿਆ ਮੰਤਰੀਆਂ ਦਰਮਿਆਨ ਸ਼ੁਰੂ ਹੋਈ ‘ਟਵਿਟਰ ਵਾਰ’ ਸ਼ੁੱਕਰਵਾਰ ਨੂੰ ਹੋਰ ਅੱਗੇ ਵਧ ਗਈ। ਜਦੋਂ ਪੰਜਾਬ ਅਤੇ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਤੁਲਨਾ ਲਈ ਦਿੱਲੀ ਦੇ ਸਿੱਖਿਆ ਅਤੇ ਉਪ ਮੁੱਖ ਮੰਤਰੀ ਮਨੀਸ ਸਿਸੋਦੀਆ ਵਲੋਂ ਦਿੱਤੀ ਗਈ ਚੁਣੌਤੀ ਪਰਗਟ ਸਿੰਘ ਵਲੋਂ ਸਵੀਕਾਰ ਕੀਤਾ।
ਇਸ ਤੋਂ ਬਾਅਦ ਮਨੀਸ ਸਿਸੋਦੀਆ ਨੇ ਦਿੱਲੀ ਦੇ 250 ਸਕੂਲਾਂ ਦੀ ਸੂਚੀ ਪਰਗਟ ਸਿੰਘ ਨੂੰ ਭੇਜੇ ਜਾਣ ਦੀ ਪੇਸ਼ਕਸ਼ ਕਰਦਿਆਂ ਪਰਗਟ ਸਿੰਘ ਕੋਲੋਂ ਪੰਜਾਬ ਦੇ 250 ਸਰਕਾਰੀ ਸਕੂਲਾਂ ਦੀ ਸੂਚੀ ਮੰਗੀ ਹੈ ਅਤੇ ਨਾਲ ਹੀ ਪਰਗਟ ਸਿੰਘ ਨੂੰ ਕਿਹਾ ਹੈ ਕਿ ਉਹ ਦਿੱਲੀ ਅਤੇ ਪੰਜਾਬ ਦੇ ਸੂਚੀਬੱਧ ਬਿਹਤਰੀਨ ਸਕੂਲਾਂ ਦੇ ਦੌਰੇ ਅਤੇ ਸਿੱਖਿਆ ਵਿਵਸਥਾ, ਸੁਧਾਰਾਂ ਉਪਰ ਬਹਿਸ ਲਈ ਆਪਣੀ ਮਰਜ਼ੀ ਦਾ ਸਮਾਂ ਅਤੇ ਤਾਰੀਖ਼ ਤੈਅ ਕਰਕੇ ਦੱਸ ਦੇਣ ਤਾਂ ਕਿ ਦੋਵੇਂ ਸਿੱਖਿਆ ਮੰਤਰੀ (ਮਨੀਸ ਸਿਸੋਦੀਆ ਅਤੇ ਪਰਗਟ ਸਿੰਘ) ਮੀਡੀਆ ਦੀ ਮੌਜ਼ੂਦਗੀ ’ਚ ਦਿੱਲੀ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਇਕੱਠੇ ਦੌਰਾ ਅਤੇ ਖੁੱਲ੍ਹੀ ਬਹਿਸ ਕਰ ਸਕਣ।
ਪਰਗਟ ਸਿੰਘ ਵਲੋਂ ਸਿਸੋਦੀਆ ਦੀ ਚੁਣੌਤੀ ਸਵੀਕਾਰ ਕੀਤੇ ਜਾਣ ਤੋਂ ਬਾਅਦ ਮਨੀਸ ਸਿਸੋਦੀਆ ਨੇ 3 ਟਵੀਟ ਕੀਤੇ। ਪਹਿਲੇ ਟਵੀਟ ਅਨੁਸਾਰ, ‘‘ਪੰਜਾਬ ਦੇ ਸਿੱਖਿਆ ਮੰਤਰੀ ਨੇ ਮੇਰੀ ਚੁਣੌਤੀ ਸਵੀਕਾਰ ਕਰਦੇ ਹੋਏ ਦਿੱਲੀ ਅਤੇ ਪੰਜਾਬ ਦੇ 250 ਸਕੂਲਾਂ ’ਚ ਹੋਏ ਸਿੱਖਿਆ ਸੁਧਾਰ ਬਾਰੇ ਬਹਿਸ ਨੂੰ ਸਵੀਕਾਰਿਆ ਹੈ। ਪਿੱਛਲੇ 5 ਸਾਲਾਂ ’ਚ ਪੰਜਾਬ ਦੇ ਜਿਨਾਂ ਸਕੂਲਾਂ ਦੀ ਹਾਲਤ ਸੁਧਰੀ ਹੈ, ਉਨਾਂ ’ਚੋਂ ਸਭ ਤੋਂ ਬਿਹਤਰ 250 ਸਕੂਲਾਂ ਦੀ ਸੂਚੀ ਦਾ ਮੈਨੂੰ ਇੰਤਜ਼ਾਰ ਹੈ।’’
Pargat Singh
ਦੂਜੇ ਟਵੀਟ ’ਚ ਸਿਸੋਦੀਆ ਨੇ ਲਿਖਿਆ ਹੈ, ‘‘ਮੈਂ ਖ਼ੁੱਦ ਵੀ ਦਿੱਲੀ ਦੇ 250 ਸਕੂਲਾਂ ਦੀ ਸੂਚੀ ਸੌਪਾਂਗਾ। ਫਿਰ ਅਸੀਂ ਦੋਵੇਂ ਇੱਕ ਸਾਥ, ਤੈਅ ਸਮੇਂ ਅਤੇ ਤਾਰੀਖ ਉਤੇ ਇਨਾਂ ਸਕੂਲਾਂ ਵਿੱਚ ਜਾਵਾਂਗਾ। ਨਾਲ ਹੀ ਮੀਡੀਆ ਨੂੰ ਵੀ ਬੁਲਾਵਾਂਗੇ, ਤਾਂਕਿ ਸਾਰੀ ਜਨਤਾ ਦਿੱਲੀ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਦੋਵਾਂ ਦੇ ਸਿੱਖਿਆ ਮਾਡਲ ਨੂੰ ਦੇਖ ਕੇ ਆਪਣੀ ਰਾਇ ਬਣਾ ਸਕੇ।’’
ਤੀਸਰੇ ਟਵੀਟ ’ਚ ਮਨੀਸ ਸਿਸੋਦੀਆ ਲਿਖਦੇ ਹਨ, ‘‘ਐਨਾ ਹੀ ਨਹੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ (27 ਨਵੰਬਰ) ਨੂੰ ਮੋਹਾਲੀ ਆ ਰਹੇ ਹਨ। ਕੇਜਰੀਵਾਲ ਉਥੇ ਆਪਣੀਆ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਅਤੇ ਧਰਨਿਆਂ ’ਤੇ ਬੈਠੇ ਪੰਜਾਬ ਦੇ ਅਧਿਆਪਕਾਂ ਨਾਲ ਮੁਲਾਕਾਤ ਕਰਨਗੇ। ਸਕੂਲਾਂ ’ਚ ਹੋਏ ਸੁਧਾਰਾਂ ਦੇ ਬਾਰੇ ਉਥੇ ਪੜ੍ਹਾ ਰਹੇ ਅਧਿਆਪਕਾਂ ਤੋਂ ਬਿਹਤਰ ਕੌਣ ਦੱਸ ਸਕਦਾ ਹੈ।’’
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਰਕਾਰੀ ਸਕੂਲਾਂ ਅਤੇ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਦਿੱਲੀ ਅਤੇ ਪੰਜਾਬ ਦੇ ਸਿੱਖਿਆ ਮੰਤਰੀਆਂ ਵਿਚਾਲੇ ਚੱਲੀ ਬਹਿਸ ਨੂੰ ਮਹੱਤਵਪੂਰਨ ਅਤੇ ਸਕਾਰਾਤਮਕ ਕਰਾਰ ਦਿੱਤਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿੱਖਿਆ ਖ਼ਾਸ ਕਰਕੇ ਸਰਕਾਰੀ ਸਕੂਲ ਸਿੱਖਿਆ ਖੇਤਰ ਜੋ ਪਿਛਲੇ ਕਈ ਦਹਾਕਿਆਂ ਤੋਂ ਹਾਸ਼ੀਏ ’ਤੇ ਚੱਲ ਰਿਹਾ ਸੀ।
Harpal Cheema
ਦਿੱਲੀ ’ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣਨ ’ਤੇ ਸਰਕਾਰੀ ਸਕੂਲ ਅਤੇ ਸਿਹਤ ਸੇਵਾਵਾਂ ਸੱਤਾ ਅਤੇ ਲੋਕਾਂ ਲਈ ਕੇਂਦਰ ਬਿੰਦੂ ਵਜੋਂ ਉਭਰੀਆਂ ਹਨ, ਕਿਉਂਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸਿੱਖਿਆ ਅਤੇ ਸਿਹਤ ਮਾਡਲ ਉਪਰ ਕਰਾਂਤੀਕਾਰੀ ਕੰਮ ਕਰਕੇ ਦਿਖਾ ਦਿੱਤਾ ਹੈ। ਜਿਸ ਦਾ ਪੰਜਾਬ ਦੀ ਜਨਤਾ ਉਪਰ ਵੀ ਜ਼ਬਰਦਸਤ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ।
ਚੀਮਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਇਸ ਪ੍ਰਭਾਵ ਨੂੰ ਘਟਾਉਣ ਲਈ ਹੀ ਪਰਗਟ ਸਿੰਘ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਤੋਂ ਵਧੀਆ ਕਿਹਾ ਸੀ। ਜਿਸ ਉਪਰੰਤ ਇਹ ਬਹਿਸ ਸ਼ੁਰੂ ਹੋ ਗਈ ਅਤੇ ਮਨੀਸ ਸਿਸੋਦੀਆ ਨੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਕੁਝ ਵੀ ਹੋਵੇ ਸਿੱਖਿਆ ਖਾਸ ਕਰਕੇ ਸਰਕਾਰੀ ਸਕੂਲ ਸਿੱਖਿਆ ਦੇ ਵਿਸ਼ੇ ’ਤੇ ਦੋ ਵੱਖ-ਵੱਖ ਮਾਡਲਾਂ (ਪੰਜਾਬ ਅਤੇ ਦਿੱਲੀ) ਦੀ ਆਪਸੀ ਤੁਲਨਾ ਅਤੇ ਇਸ ਉਪਰ ਬਹਿਸ ਕਰਨ ਦੇ ਸਕਾਰਾਤਮਕ ਨਤੀਜੇ ਨਿਕਲਣਗੇ, ਸਿੱਖਿਆ ਅਤੇ ਸਿਹਤ ਨੂੰ ਨਿੱਜੀ ਹੱਥਾਂ ਵਿੱਚ ਸੁੱਟ ਚੁੱਕੀਆਂ ਰਿਵਾਇਤੀ ਪਾਰਟੀਆਂ (ਕਾਂਗਰਸ, ਅਕਾਲੀ ਦਲ ਬਾਦਲ, ਭਾਜਪਾ) ਵੀ ਸਰਕਾਰੀ ਸਕੂਲ ਸਿੱਖਿਆ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਣਗੀਆ, ਕਿਉਂਕਿ ਆਮ ਆਦਮੀ ਪਾਰਟੀ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸਿੱਖਿਆ ਅਤੇ ਸਿਹਤ ਬਾਰੇ ਦਿੱਲੀ- ਪੰਜਾਬ ਦੇ ਨਾਲ -ਨਾਲ ਪੂਰੇ ਦੇਸ਼ ਦੀ ਜਨਤਾ ਨੂੰ ਜਾਗਰੂਕ ਕੀਤਾ ਹੈ।