
ਬਠਿੰਡਾ 'ਚ ਵਾਜਪਾਈ ਦਾ ਜਨਮ ਦਿਨ ਮਨਾ ਰਹੇ ਭਾਜਪਾਈਆਂ ਦਾ ਕਿਸਾਨਾਂ ਨੇ ਪੁਟਿਆ ਟੈਂਟ
ਬਠਿੰਡਾ, 25 ਦਸੰਬਰ (ਸੁਖਜਿੰਦਰ ਮਾਨ) : ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿਲ ਪੰਜਾਬ ਅੰਦਰ ਭਾਜਪਾ 'ਤੇ ਭਾਰੀ ਪੈਣ ਲੱਗੇ ਹਨ | ਇਨ੍ਹਾਂ ਬਿਲਾਂ ਨੂੰ ਰੱਦ ਨਾ ਕਰਨ ਦਾ ਖ਼ਮਿਆਜ਼ਾ ਹੁਣ ਭਾਜਪਾਈਆਂ ਨੂੰ ਭੁਗਤਣਾ ਪੈ ਰਿਹਾ ਹੈ | ਅੱਜ ਅਜਿਹਾ ਬਠਿੰਡਾ ਦੀ ਅਮਰੀਕ ਸਿੰਘ ਰੋਡ 'ਤੇ ਉਸ ਸਮੇਂ ਦੇਖਣ ਨੂੰ ਮਿਲਿਆ ਜਦ ਮਹਰੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਮਨਾ ਰਹੇ ਭਾਜਪਾਈਆਂ ਦੇ ਕਿਸਾਨਾਂ ਨੇ ਟੈਂਟ ਪੁੱਟ ਦਿਤੇ | ਇਸ ਮੌਕੇ ਟੈਂਟ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲਾਈਵ ਭਾਸ਼ਣ ਸੁਣਾਉਣ ਲਈ ਲਗਾਈ ਐਲਈਡੀ ਬਚੀ ਰਹੀ ਪ੍ਰੰਤੂ ਭਾਸ਼ਣ ਵਿਚਕਾਰ ਹੀ ਰੁਲ ਗਿਆ | ਹਾਲਾਤ ਅਜਿਹੇ ਬਣ ਗਏ ਕਿ ਮੌਕੇ 'ਤੇ ਮੌਜੂਦ 60-70 ਭਾਜਪਾ ਆਗੂਆਂ ਤੇ ਵਰਕਰਾਂ ਨੂੰ ਭੱਜ ਕੇ ਜਾਨ ਬਚਾਉਣੀ ਪਈ | ਹਾਲਾਂਕਿ ਪੁਲਿਸ ਨੇ ਵੀ ਅਚਾਨਕ ਬਸਾਂ ਤੇ ਗੱਡੀਆਂ ਉਪਰ ਸੈਂਕੜਿਆਂ ਦੀ ਤਾਦਾਦ ਵਿਚ ਪੁੱਜੇ ਕਿਸਾਨਾਂ ਨੂੰ ਬੈਰੀਗੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਿਸਾਨਾਂ ਨੇ ਅਪਣੇ ਆਗੂ ਮੋਠੂ ਸਿੰਘ ਕੋਟੜਾ ਦੀ ਅਗਵਾਈ ਹੇਠ ਤੀਲੀਆਂ ਵਾਂਗ ਇਨ੍ਹਾਂ ਬੈਰੀਗੇਡਾਂ ਨੂੰ ਹਟਾ ਦਿਤਾ | ਇਸ ਮੌਕੇ ਦੋਧੀ ਯੂਨੀਅਨ ਦੇ ਮੈਂਬਰਾਂ ਨੇ ਵੀ ਕਿਸਾਨਾਂ ਦਾ ਸਾਥ ਦਿਤਾ | ਇਸ ਦੌਰਾਨ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਇਕ ਪੁਲਿਸ ਮੁਲਾਜ਼ਮ ਵੀ ਡਿੱਗ ਪਿਆ ਤੇ ਉਸਦੀ ਪੱਗ ਉਤਰ ਗਈ |
ਰੋਹ ਵਿਚ ਆਏ ਕਿਸਾਨਾਂ ਨੇ ਭਾਜਪਾ ਵਲੋਂ ਲਗਾਏ ਟੈਂਟ ਵਿਚ ਲੱਗੀਆਂ ਕੁਰਸੀਆਂ ਨੂੰ ਬੁਰੀ ਤਰ੍ਹਾਂ ਤੋੜ ਦਿਤਾ ਤੇ ਭਾਜਪਾ ਦੀਆਂ ਝੰਡੀਆਂ ਨੂੰ ਵੀ ਉਤਾਰ ਦਿਤਾ | ਇਸ ਦੌਰਾਨ ਕਿਸਾਨ ਭਾਜਪਾ ਦੇ ਪ੍ਰੋਗਰਾਮ ਵਾਲੀ ਜਗ੍ਹਾਂ ਦੇ ਅੱਗੇ ਧਰਨਾ ਲਗਾ ਕੇ ਬੈਠ ਗਏ | ਵੱਡੀ ਗਿਣਤੀ ਵਿਚ ਪੁਲਿਸ ਪੁੱਜਣ ਤੋਂ ਬਾਅਦ ਮੁੜ ਭਾਜਪਾਈ ਪ੍ਰੋਗਰਾਮ ਵਾਲੀ ਜਗ੍ਹਾਂ ਦੇ ਨੇੜੇ ਪੁੱਜੇ ਤੇ ਉਨ੍ਹਾਂ ਕੈਪਟਨ ਸਰਕਾਰ ਉਪਰ ਸਿਆਸੀ ਸ਼ਹਿ ਦੇ ਕੇ ਭਾਜਪਾ ਦਾ ਵਿਰੋਧ ਕਰਵਾਉਣ ਦਾ ਦੋਸ਼ ਲਗਾਉਂਦਿਆਂ ਸਰਕਾਰ ਦਾ ਪੁਤਲਾ ਵੀ ਸਾੜਿਆ | ਇਸ ਮੌਕੇ ਦੋਨਾਂ ਧਿਰਾਂ ਦੇ ਆਹਮੋ-ਸਾਹਮਣੇ ਬੈਠਣ ਕਾਰਨ ਸਥਿਤੀ ਕਾਫ਼ੀ ਤਨਾਅਪੂਰਨ ਰਹੀ ਤੇ ਐਸ.ਐਸ.ਪੀ ਭੁਪਿੰਦਰਜੀਤ ਸਿੰਘ ਵਿਰਕ ਨੂੰ ਖੁਦ ਮੋਰਚਾ ਸੰਭਾਲਣਾ ਪਿਆ | ਇਸ ਮੌਕੇ ਭਾਜਪਾਈਆਂ ਵਲੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਨਾਹਰੇਬਾਜ਼ੀ ਕੀਤੀ ਗਈ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਵਲੋਂ ਵੀ ਮੋਠੂ ਸਿੰਘ ਕੋਟੜਾ ਕਿਸਾਨ ਆਗੂ ਦੀ ਅਗਵਾਈ ਵਿਚ ਧਰਨਾ ਲਾ ਦਿਤਾ ਤੇ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੇ ਵਰਕਰ ਬਹੁਗਿਣਤੀ ਔਰਤਾਂ ਇਕੱਠੀਆਂ ਹੋ ਗਈਆਂ ਅਤੇ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ |
ਬਾਅਦ ਵਿਚ ਭਾਜਪਾ ਵਾਲੇ ਉਠ ਕੇ ਚਲੇ ਗਏ ਜਦੋਂਕਿ ਕਿਸਾਨਾਂ ਨੇ ਅਪਣੇ ਹੋਰ ਸਾਥੀਆਂ ਨੂੰ ਵੀ ਬੁਲਾ ਲਿਆ ਤੇ ਕਰੀਬ ਤਿੰਨ ਵਜੇ ਤਕ ਧਰਨਾ ਜਾਰੀ ਰਖਿਆ | ਉਧਰ ਘਟਨਾ ਤੋਂ ਬਾਅਦ ਭਾਜਪਾ ਦੇ ਆਗੂਆਂ ਨੇ ਐਸ.ਐਸ.ਪੀ ਨਾਲ ਮੁਲਾਕਾਤ ਕਰ ਕੇ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਨੇ ਇਸ ਨੂੰ ਗ਼ੈਰ ਲੋਕਤੰਤਰੀ ਘਟਨਾ ਕਰਾਰ ਦਿੰਦਿਆਂ ਕਿਹਾ ਕਿ ਅਜਿਹਾ ਕੈਪਟਨ ਸਰਕਾਰ ਦੀ ਸ਼ਹਿ 'ਤੇ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਪਣੇ ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ ਹੈ ਪ੍ਰੰਤੂ ਉਹ ਪਾਰਟੀ ਦੇ ਪ੍ਰੋਗਰਾਮਾਂ ਵਿਚ ਖੌਰੂ ਕਿਉਂ ਪਾ ਰਹੇ ਹਨ |
ਇਸ ਖ਼ਬਰ ਨਾਲ ਸਬੰਧਤ ਫੋਟੋ 25 ਬੀਟੀਆਈ 04 ਨੰਬਰ ਵਿਚ ਭੇਜੀ ਜਾ ਰਹੀ ਹੈ | ਫ਼ੋਟੋਆਂ ਇਕਬਾਲ ਸਿੰਘ