
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾ ਤਾਂ ਕਿਸੇ ਦੀ ਹਮਾਇਤ ਕਰਦੀ ਹੈ ਅਤੇ ਨਾ ਹੀ ਕਰੇਗੀ
ਚੰਡੀਗੜ੍ਹ : ਕਿਸਾਨਾਂ ਵਲੋਂ ਸਿਆਸਤ ਦਾ ਰੁਖ਼ ਕਰਨ ਬਾਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਚੁੱਕ ਰਹੇ ਹਾਂ ਤੇ ਕਦੇ ਵੀ ਚੋਣਾਂ ਵਿਚ ਹਿੱਸਾ ਨਹੀਂ ਲੈਂਦੇ। ਇਸ ਮੌਕੇ ਬੋਲਦਿਆਂ ਪੰਧੇਰ ਨੇ ਦੱਸਿਆ ਕਿ ਉਹ ਇਸ ਸਮੇਂ ਦੇਵੀਦਾਸਪੁਰਾ ਵਿਖੇ ਰੇਲਾਂ ਰੋਕ ਕੇ ਬੈਠੇ ਹਨ ਅਤੇ ਇਸ ਤੋਂ ਇਲਾਵਾ ਇਸ ਸਮੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕਰੀਬ ਸੱਤ ਜਗ੍ਹਾ 'ਤੇ ਰੇਲਾਂ ਰੋਕੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਕਿਸਾਨ ਜਥੇਬੰਦੀਆਂ ਵਲੋਂ ਕੁਝ ਨਿਯਮ ਬਣਾਏ ਗਏ ਹਨ ਜੋ ਹਰ ਇੱਕ ਨੂੰ ਮੰਨਣੇ ਪੈਂਦੇ ਹਨ। ਪੰਧੇਰ ਨੇ ਦੱਸਿਆ ਕਿ ਜੇਕਰ ਕਿਸੇ ਨੇ ਵੀ ਸਿਆਸਤ ਵਿਚ ਜਾਣਾ ਹੁੰਦਾ ਹੈ ਤਾਂ ਪਹਿਲਾਂ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰ ਰਹੇ ਅਤੇ ਨਾ ਹੀ ਸਿਆਸਤ ਵਿਚ ਜਾ ਰਹੇ ਹਾਂ ਸਗੋਂ ਪਹਿਲਾਂ ਦੀ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਵੀ ਪੰਜਾਬ ਅਤੇ ਦੇਸ਼ ਦੇ ਹੱਕਾਂ ਅਤੇ ਹਿੱਤਾਂ ਲਈ ਕੰਮ ਕਰਦੇ ਰਹਾਂਗੇ।
ਜਿਸ ਮਨੋਰਥ ਲਈ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਸਨ ਅਤੇ ਸੰਯੁਕਤ ਮੋਰਚਾ ਬਣਿਆ ਸੀ ਉਸ ਦੀਆਂ ਕੁਝ ਮੰਗਾਂ ਅਜੇ ਵੀ ਅਧੂਰੀਆਂ ਹਨ। ਜਿਨ੍ਹਾਂ ਵਿਚ ਐਮ.ਐਸ.ਪੀ. 'ਤੇ ਗਰੰਟੀ ਕਾਨੂੰਨ ਨਹੀਂ ਬਣਿਆ ਅਤੇ ਨਾਂ ਹੀ ਨੌਜਵਾਨਾਂ 'ਤੇ ਪਏ ਪਰਚੇ ਵਾਪਸ ਲਏ ਗਏ ਹਨ। ਇਸ ਤੋਂ ਇਲਾਵਾ ਲਖੀਮਪੁਰ ਖੇੜੀ ਘਟਨਾ ਵਿਚ ਵੀ ਸਾਡੇ ਕਈ ਨੌਜਵਾਨ ਅਜੇ ਜੇਲ੍ਹਾਂ ਵਿਚ ਹਨ।
Everyone has the right to go into politics - Sarwan Singh Pandher
ਅਜੇ ਬਹੁਤ ਕੁਝ ਬਾਕੀ ਹੈ ਜੋ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਜੋ ਅਸੀਂ ਦਿੱਲੀ ਤੋਂ ਕਹਿ ਕੇ ਪੰਜਾਬ ਆਏ ਸੀ ਉਹ ਹੀ ਕਰ ਰਹੇ ਹਾਂ ਕਿ ਅਸੀਂ ਪੰਜਾਬ ਦੇ ਹੱਕਾਂ ਲਈ ਲੜਾਈ ਜਾਰੀ ਰੱਖਾਂਗੇ। ਪੰਧੇਰ ਨੇ ਕਿਹਾ ਕਿ ਜੇਕਰ ਕੋਈ ਸਿਆਸਤ ਵਿਚ ਜਾਣਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਦਾ ਜਮਹੂਰੀ ਹੱਕ ਹੈ।
ਸਾਡੇ ਕਈ ਭਰਾਵਾਂ ਨੂੰ ਲਗਦਾ ਹੈ ਕਿ ਸਿਆਸਤ ਵਿਚ ਜਾ ਕੇ ਲੋਕਾਂ ਦਾ ਭਲਾ ਹੋਵੇਗਾ ਪਰ ਅਸੀਂ ਇਸ ਨਾਲ ਸਹਿਮਤ ਨਹੀਂ ਹਾਂ। ਸਾਨੂੰ ਲਗਦਾ ਹੈ ਕਿ ਰਾਜਨੀਤੀ ਵਿਚ ਜਾਵਾਂਗੇ ਤਾਂ ਨੁਕਸਾਨ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਭ ਆਉਣ ਵਾਲੇ ਸਮੇਂ ਦੀਆਂ ਗੱਲਾਂ ਹਨ ਅਤੇ ਉਸ ਬਾਰੇ ਹੁਣ ਤੋਂ ਕੁਝ ਨਹੀਂ ਕਿਹਾ ਜਾ ਸਕਦਾ।
Everyone has the right to go into politics - Sarwan Singh Pandher
ਪੰਧੇਰ ਨੇ ਕਿਹਾ ਕਿ ਸਾਡੇ ਹੁਣ ਤੱਕ ਦੇ ਤਜਰਬੇ ਇਹ ਹਨ ਕਿ ਕਿਸਾਨ ਆਗੂਆਂ ਦੇ ਸਿਆਸਤ ਵਿਚ ਜਾਣ ਦੇ ਤਜਰਬੇ ਫੇਲ੍ਹ ਹੋਏ ਹਨ। ਇਸ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾ ਤਾਂ ਕਿਸੇ ਦੀ ਹਮਾਇਤ ਕਰਦੀ ਹੈ ਅਤੇ ਨਾ ਹੀ ਕਰੇਗੀ ਅਤੇ ਅਸੀਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਲਈ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਾਂਗੇ।