
ਜੰਮੂ-ਕਸ਼ਮੀਰ ਦੇ ਲੋਕ ਗ਼ਰੀਬੀ ਵਲ ਵਧ ਰਹੇ ਹਨ, ਮਹਾਰਾਜਿਆਂ ਦਾ ਰਾਜ ਮੌਜੂਦਾ ਸਰਕਾਰ ਨਾਲੋਂ ਬਿਹਤਰ ਸੀ : ਆਜ਼ਾਦ
ਜੰਮੂ, 25 ਦਸੰਬਰ : ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਇਥੇ ਕਿਹਾ ਕਿ ਪਿਛਲੇ ਢਾਈ ਸਾਲ 'ਚ ਜੰਮੂ ਕਸ਼ਮੀਰ 'ਚ ਵਿਆਪਾਰ ਅਤੇ ਵਿਕਾਸ ਗਤੀਵਿਧੀਆਂ 'ਚ ਗਿਰਾਵਟ ਆਈ ਹੈ ਅਤੇ ਲੋਕ ਗ਼ਰੀਬੀ ਵਲ ਵਧ ਰਹੇ ਹਨ | ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਆਜ਼ਾਦ ਨੇ ਕਿਹਾ ਕਿ ਮਹਾਰਾਜਿਆਂ ਦਾ ਰਾਜ ਮੌਜੂਦਾ ਸਰਕਾਰ ਨਾਲੋਂ ਕਿਤੇ ਬਿਹਤਰ ਸੀ, ਜਿਸ ਨੇ ਦੋ-ਸਾਲਾ 'ਦਰਬਾਰ ਮੂਵ' ਦੀ ਪ੍ਰਥਾ ਨੂੰ ਰੋਕ ਦਿਤਾ |
ਦਰਬਾਰ ਮੂਵ ਤਹਿਤ ਗਰਮੀ ਦੇ 6 ਮਹੀਨੇ ਸਿਵਲ ਸਕੱਤਰੇਤ ਅਤੇ ਹੋਰ ਦਫ਼ਤਰ ਸ਼੍ਰੀਨਗਰ ਤਬਦੀਲ ਹੋ ਜਾਂਦੇ ਸਨ ਜਦਕਿ ਸਾਲ ਦੇ ਬਾਕੀ 6 ਮਹੀਨੇ ਉਨ੍ਹਾਂ ਦਾ ਸੰਚਾਲਨ ਜੰਮੂ ਤੋਂ ਹੁੰਦਾ ਸੀ | ਇਸ ਦੀ ਸ਼ੁਰੂਆਤ ਮਹਾਰਾਜਾ ਗੁਲਾਬ ਸਿੰਘ ਨੇ 1872 ਵਿਚ ਕੀਤੀ ਸੀ | ਉਪ ਰਾਜਪਾਲ ਮਨੋਜ ਸਿਨ੍ਹਾ ਨੇ 20 ਜੂਨ ਨੂੰ ਇਸ ਵਿਵਸਥਾ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ |
ਆਜ਼ਾਦ ਨੇ ਇਥੇ ਪੈੱ੍ਰਸ ਕਾਨਫ਼ਰੰਸ ਦੌਰਾਨ ਕਿਹਾ, ''ਮੈਂ ਹਮੇਸ਼ਾ ਦਰਬਾਰ ਮੂਵ ਦਾ ਸਮਰਥਨ ਕਰਦਾ ਸੀ | ਮਹਾਰਾਜਿਆਂ ਨੇ ਸਾਨੂੰ ਤਿੰਨੇ ਚੀਜ਼ਾਂ ਦਿਤੀਆਂ ਜੋ ਕਸ਼ਮੀਰ ਅਤੇ ਜੰਮੂ ਦੋਵਾਂ ਖੇਤਰਾਂ ਦੀ ਜਨਤਾ ਦੇ ਹਿਤ ਵਿਚ ਸਨ ਅਤੇ ਉਨ੍ਹਾਂ ਵਿਚੋਂ ਇਕ ਦਰਬਾਰ ਮੂਵ ਸੀ | '' ਉਨ੍ਹਾਂ ਕਿਹਾ ਕਿ ਮਹਾਰਾਜਾ (ਹਰਿ ਸਿੰਘ) ਨੇ ਉਨ੍ਹਾਂ ਲੋਕਾਂ ਦੀ ਜ਼ਮੀਨਾਂ ਅਤੇ ਨੌਕਰੀਆਂ ਦੀ ਸੁਰੱ ਖਿਆ ਯਕੀਨੀ ਕੀਤੀ ਜੋ ਇਸ ਖੇਤਰ ਤੋਂ ਨਹੀਂ ਸਨ | ਧਾਰਾ 370 ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ, ''ਅੱਜ ਇੰਨੇ ਸਾਲਾਂ ਬਾਅਦ, ਅਸੀਂ ਦੇਖਦੇ ਹਾਂ ਕਿ ਮਹਾਰਾਜਾ ਜਿਨ੍ਹਾਂ ਨੂੰ ਤਾਨਾਸ਼ਾਹ ਕਿਹਾ ਜਾਂਦਾ ਸੀ, ਮੌਜੂਦਾ ਸਰਕਾਰ ਨੂੰ ਕਿਤੇ ਬਿਹਤਰ ਸਨ | ਮਹਾਰਾਜਾ ਦੇ ਕੰਮ ਲੋਕਾਂ ਦੀ ਭਲਾਈ ਲਈ ਸਨ, ਜਦਕਿ ਮੌਜੂਦਾ ਸਰਕਾਰ ਨੇ ਸਾਡੇ ਤਿਨੇਂ ਚੀਜ਼ਾਂ (ਦਰਬਾਰ ਮੂਵ, ਜ਼ਮੀਨ ਅਤੇ ਨੌਕਰੀਆਂ ਦੀ ਸੁਰੱਖਿਆ) ਖੋਹ ਲਈਆਂ ਹਨ |'' ਪਿਛਲੇ ਢਾਈ ਮਹੀਨੇ 'ਚ ਜੰਮੂ ਕਸ਼ਮੀਰ 'ਚ ਕਈ ਜਨਸਭਾਵਾਂ ਬਾਰੇ ਕਾਂਗਰਸ ਦੇ ਸੀਨੀਅਰ ਆਗੂ ਨੇ ਕਿਹਾ ਕਿ ਉਨ੍ਹਾਂ ਦਾ ਆਗਾਮੀ ਵਿਧਾਨ ਸਭਾ ਚੋਣਾਂ ਨਾਲ ਕੋਈ ਲੈਣ-ਦੇਣ ਨਹੀਂ ਹੈ | ਉਨ੍ਹਾਂ ਕਿਹਾ, ''ਲੋਕ ਚਿੰਤਤ ਹਨ ਕਿਉਂਕਿ ਕੋਈ ਵਿਵਸਥਾ ਨਹੀਂ ਹੈ, ਕੋਈ ਨੌਕਰੀ ਨਹੀਂ ਹੈ, ਵਿਕਾਸ ਰੁੱਕ ਗਿਆ ਹੈ |'' (ਏਜੰਸੀ)