
Kharar News: ਬੱਚੇ ਦੇ ਪਿਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਨੇਪਾਲ
ਛੋਟੀ ਜਿਹੀ ਗਲਤੀ ਕਾਰਨ ਹੱਸਦਾ ਖੇਡਦਾ ਪਰਿਵਾਰ ਉੱਜੜ ਗਿਆ। ਕਮਰੇ 'ਚ ਅੰਗੀਠੀ ਬਾਲ ਕੇ ਸੁੱਤੇ ਇਕ ਪਰਿਵਾਰ ’ਚੋਂ ਡੇਢ ਸਾਲ ਦੇ ਬੱਚੇ ਅਤੇ ਉਸ ਦੀ ਮਾਂ ਦੀ ਧੂੰਏਂ ਨਾਲ ਦਮ ਘੁਟਣ ਕਰ ਕੇ ਮੌਤ ਹੋ ਗਈ ਜਦਕਿ ਬੱਚੇ ਦੇ ਪਿਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਨੇਪਾਲ ਦਾ ਮੂਲ ਨਿਵਾਸੀ ਦੀਪਕ ਆਪਣੀ ਪਤਨੀ ਪਰਸੂਪਤੀ ਤੇ ਕਰੀਬ ਡੇਢ ਸਾਲ ਦੇ ਪੁੱਤਰ ਦਵਿਆਸ਼ ਨਾਲ ਨਿਊ ਚੰਡੀਗੜ੍ਹ ਦੀ ਇਕ ਕੋਠੀ ਦੇ ਸਰਵੈਂਟ ਕੁਆਰਟਰ ਵਿਚ ਰਹਿੰਦਾ ਸੀ।
ਕੜਾਕੇ ਦੀ ਠੰਢ ਦੇ ਮੱਦੇਨਜ਼ਰ ਪਰਿਵਾਰ ਕੋਲਿਆਂ ਵਾਲੀ ਅੰਗੀਠੀ ਬਾਲ਼ ਕੇ ਨਿੱਘ ਵਿਚ ਸੌਂ ਗਿਆ। ਜਦੋਂ ਸਵੇਰੇ 11 ਵਜੇ ਤੱਕ ਦੀਪਕ ਹੇਠਾਂ ਨਾ ਆਇਆ ਤਾਂ ਮਕਾਨਮਾਲਕ ਨੇ ਉਸ ਨੂੰ ਫੋਨ ਕੀਤਾ ਪਰ ਅੱਗਿਓਂ ਕਿਸੇ ਨੇ ਫੋਨ ਨਹੀਂ ਸੁਣਿਆ।
ਮਾਲਕ ਜਦੋਂ ਉਸ ਦੇ ਕਮਰੇ ਵਿਚ ਗਿਆ ਤਾਂ ਦਰਵਾਜ਼ਾ ਖੜਕਾਉਣ ਮਗਰੋਂ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਪੁਲਿਸ ਨੂੰ ਫੋਨ ਕੀਤਾ ਅਤੇ ਆ ਕੇ ਜਦੋਂ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਮਾਂ ਤੇ ਬੱਚਾ ਦੋਵੇਂ ਜਣੇ ਮਰੇ ਪਏ ਸਨ ਅਤੇ ਦੀਪਕ ਦੇ ਸਾਹ ਚੱਲ ਰਹੇ ਸਨ।
ਪੁਲਿਸ ਨੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ-16 ਸਥਿਤ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਏਐੱਸਆਈ ਦਲਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਅਨੁਸਾਰ ਮਾਂ-ਪੁੱਤ ਦੋਵਾਂ ਦੀਆਂ ਲਾਸ਼ਾਂ ਖਰੜ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤੀਆਂ ਗਈਆਂ ਹਨ। ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ।