
ਰੈਲੀ ਵਿਚਲੇ ਇਕੱਠ ਨੂੰ ਦਸਿਆ ਅਕਾਲੀ ਦਲ ਦੀ ਸੁਨਾਮੀ
ਤਰਨ ਤਾਰਨ : ਜਿਉਂ ਜਿਉਂ ਪੰਜਾਬ ਦੀਆਂ ਅਸੰਬਲੀ ਚੋਣਾਂ ਨੇੜੇ ਆ ਰਹੀਆਂ ਨੇ, ਪੰਜਾਬ ਦੇ ਸਿਆਸੀ ਗਲਿਆਰਿਆਂ ਅੰਦਰ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ। ਇਸੇ ਤਹਿਤ ਸ਼੍ਰੋਮਣੀ ਅਕਾਲੀ ਵਲੋਂ ਵੀ ਅਪਣੀ ਸਿਆਸੀ ਸਾਖ਼ ਦੀ ਮੁੜ ਸੁਰਜੀਤੀ ਲਈ ਰੈਲੀਆਂ ਰੂਪੀ ਸਿਆਸੀ ਸਰਗਰਮੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ।
Photo
ਇਸੇ ਤਹਿਤ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਕਸਾਲੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਮਾਂਝਾ ਅੰਦਰ ਵੱਡੀ ਰੈਲੀ ਕਰ ਕੇ ਟਕਸਾਲੀਆਂ ਦੇ ਨਾਲ-ਨਾਲ ਸਰਕਾਰ ਨੂੰ ਵੀ ਵੰਗਾਰਿਆ ਹੈ। ਉਨ੍ਹਾਂ ਨੇ ਜਿੱਥੇ ਕੈਪਟਨ ਸਰਕਾਰ 'ਤੇ ਵਾਅਦਾ-ਖਿਲਾਫ਼ੀ ਦੇ ਦੋਸ਼ ਲਾਉਂਦਿਆਂ ਵੱਡੇ ਸ਼ਬਦੀ ਹਮਲੇ ਬੋਲੇ, ਉਥੇ ਟਕਸਾਲੀਆਂ ਨੂੰ ਅਕਾਲੀ ਦਲ ਵਲੋਂ ਦਿਤੇ ਅਹੁਦਿਆਂ ਅਤੇ ਨਾਮਣੇ ਲਈ ਖ਼ੂਬ ਖਰੀਆਂ-ਖੋਟੀਆਂ ਸੁਣਾਈਆਂ।
Photo
ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਸਾਰਾ ਠੀਕਰਾ ਕਾਂਗਰਸ ਸਿਰ ਭੰਨਦਿਆਂ ਉਨ੍ਹਾਂ ਇਸ ਸੱਭ ਲਈ ਵਿਰੋਧੀਆਂ ਨੂੰ ਜ਼ਿੰਮੇਵਾਰ ਦਸਿਆ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਸਾਰੀਆ ਘਟਨਾਵਾਂ ਕਾਂਗਰਸ ਦੀ ਸਾਜ਼ਿਸ਼ ਦਾ ਨਤੀਜਾ ਸਨ। ਉਨ੍ਹਾਂ ਦਰਬਾਰ ਸਾਹਿਬ 'ਤੇ ਹੋਏ ਹਮਲਿਆਂ ਨੂੰ ਵੀ ਬਾਦਲ ਦਾ ਰਾਹ ਰੋਕਣ ਦੀ ਕਾਂਗਰਸ ਦੀ ਸਾਜ਼ਿਸ਼ ਕਰਾਰ ਦਿਤਾ। ਉਨ੍ਹਾਂ ਕਾਂਗਰਸ 'ਤੇ ਬੇਅਦਬੀ ਦੇ ਕਾਂਡਾਂ ਦੇ ਗਵਾਹਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਵੀ ਲਾਇਆ।
Photo
ਟਕਸਾਲੀਆਂ 'ਤੇ ਨਿਸ਼ਾਨਾਂ ਸਾਧਦਿਆਂ ਉਨ੍ਹਾਂ ਕਿਹਾ ਕਿ ਟਕਸਾਲੀ ਉਹ ਹੁੰਦਾ ਹੈ ਜੋ ਅਪਣੇ ਧਰਮ ਦਾ ਪੱਕਾ ਹੋਵੇ ਪਰ ਟਕਸਾਲੀਆਂ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਕਿਨਾਰਾ ਕਰ ਕੇ ਪੰਥ ਨਾਲ ਹੀ ਧੋਖਾ ਦਿਤਾ ਹੈ। ਟਕਸਾਲੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਵਾਰ ਤੋਂ ਆਜ਼ਾਦ ਕਰਵਾਉਣ ਸਬੰਧੀ ਦਿਤੇ ਜਾ ਰਹੇ ਬਿਆਨਾਂ 'ਤੇ ਤੰਜ਼ ਕਸਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਬਾਦਲ ਪਰਵਾਰ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਕਦੇ ਵੀ ਅਪਣਾ ਹੱਕ ਨਹੀਂ ਜਿਤਾਇਆ ਜਦਕਿ ਬਾਦਲ ਪਰਵਾਰ ਤਾਂ ਇਕ ਸੇਵਾਦਾਰ ਵਜੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ 'ਚ ਜੁਟਿਆ ਹੋਇਆ ਹੈ।
Photo
ਰੈਲੀ ਦੌਰਾਨ ਉਨ੍ਹਾਂ ਨੇ ਮਾਂਝਾ ਇਲਾਕੇ ਦੀ ਕਾਇਆਕਲਪ ਕਰਨ ਦੇ ਵੱਡੇ ਵਾਅਦੇ ਕਰਦਿਆਂ ਹਲਕੇ 'ਚ ਨੋਟਾਂ ਦੇ ਟਰੱਕ ਲਿਆਉਣ ਦੇ ਅਪਣੇ ਪੁਰਾਣੇ ਦਾਅਵੇ ਨੂੰ ਮੁੜ ਦੁਹਰਾਇਆ। ਉਨ੍ਹਾਂ ਹਲਕੇ ਦੀਆਂ ਗਲੀਆਂ-ਨਾਲੀਆਂ ਪੱਕੀਆਂ ਕਰਨ ਤੋਂ ਇਲਾਵਾ ਸਟਰੀਟ ਲਾਈਟਾਂ ਅਤੇ ਹੋਰ ਸਹੂਲਤਾਂ ਦੇ ਵਾਅਦੇ ਵੀ ਕੀਤੇ। ਰੈਲੀ ਦੌਰਾਨ ਉਨ੍ਹਾਂ ਪਾਰਟੀ ਛੱਡਣ ਵਾਲਿਆਂ 'ਤੇ ਵੀ ਖ਼ੂਬ ਨਿਸ਼ਾਨੇ ਲਾਏ।