
ਸ਼ਾਂਤਮਈ ਮੁਜ਼ਾਹਰੇ ਦੀਆਂ ਹੱਦਾਂ ਪਾਰ ਹੋਈਆਂ ਜਾਂ ਨਹੀਂ, ਇਹ ਵੇਖਣਾ ਟਰਾਇਲ ਕੋਰਟ ਦਾ ਕੰਮ: ਹਾਈ ਕੋਰਟ
ਚੰਡੀਗੜ੍ਹ ਤੋਂ ਸੁਰਜੀਤ ਸਿੰਘ ਸੱਤੀ ਦੀ ਰੀਪੋਰਟ : ਹਾਈ ਕੋਰਟ ਨੇ ਕਿਹਾ ਕਿ ਹਾਲਾਂਕਿ ਮਾਮਲਾ ਅਜੇ ਜਾਂਚ ਅਧੀਨ ਹੈ ਪਰ ਪਟੀਸ਼ਨਰ ਦੀ ਸੁਤੰਤਰਤਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ | ਨੌਦੀਪ ਕੌਰ ਨੂੰ ਭਾਵੇਂ ਪੱਕੀ ਜ਼ਮਾਨਤ ਮਿਲ ਗਈ ਹੈ ਪਰ ਨਾਲ ਹੀ ਹਾਈ ਕੋਰਟ ਨੇ ਉਸ 'ਤੇ ਪਾਬੰਦੀ ਵੀ ਲਗਾਈ ਹੈ ਕਿ ਉਹ ਅਜਿਹਾ ਕਰਨ ਤੋਂ ਗੁਰੇਜ਼ ਕਰੇਗੀ ਜਿਸ ਨਾਲ ਉਸ ਦੀ ਕਾਰਵਾਈ ਕਾਰਨ ਸ਼ਾਂਤੀ ਭੰਗ ਹੁੰਦੀ ਹੋਵੇ | ਨੌਦੀਪ ਕੌਰ ਦੇ ਵਕੀਲ ਸੀਨੀਅਰ ਐਡਵੋਕੇਟ ਆਰ.ਐਸ.ਚੀਮਾ ਅਤੇ ਅਰਸ਼ਦੀਪ ਸਿੰਘ ਚੀਮਾ ਨੇ ਹਾਈ ਕੋਰਟ ਦਾ ਧਿਆਨ ਦਿਵਾਇਆ ਕਿ ਇਕ ਕੰਪਨੀ ਮੁਹਰੇ ਤਨਖ਼ਾਹ ਦੀ ਮੰੰਗ ਨੂੰ ਲੈ ਕੇ ਮੁਜ਼ਾਹਰਾ ਕੀਤਾ ਜਾ ਰਿਹਾ ਸੀ ਤੇ ਇਸ ਮੁਜ਼ਾਹਰੇ ਕਾਰਨ ਇਕ ਮਾਮਲਾ ਦਰਜ ਕੀਤਾ ਗਿਆ ਪਰ ਇਸੇ ਘਟਨਾ ਦੇ ਸਬੰਧ ਵਿਚ ਉਥੋਂ ਦੇ ਐਸਐਚਓ ਦੀ ਸ਼ਿਕਾਇਤ 'ਤੇ ਦੂਜਾ ਮਾਮਲਾ ਦਰਜ ਕਰ ਲਿਆ ਗਿਆ ਤੇ ਇਕ ਘਟਨਾ ਬਾਰੇ ਦੋ ਮਾਮਲੇ ਦਰਜ ਨਹੀਂ ਕੀਤੇ ਜਾ ਸਕਦੇ | ਨੌਦੀਪ ਕੌਰ ਵਿਰੁਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ ਪਰ ਅਜਿਹਾ ਕੋਈ ਜ਼ਖ਼ਮ ਨਹੀਂ ਹੈ ਜਿਸ ਨਾਲ ਇਸ ਧਾਰਾ ਤਹਿਤ ਮਾਮਲਾ ਦਰਜ ਕੀਤਾ ਜਾਂਦਾ | ਇਸ ਤੋਂ ਇਲਾਵਾ ਦੂਜੇ ਮਾਮਲੇ ਵਿਚ ਜ਼ਮਾਨਤ ਮਿਲ ਚੁੱਕੀ ਹੈ, ਲਿਹਾਜ਼ਾ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ ਵੀ ਜ਼ਮਾਨਤ ਦਿਤੀ ਜਾਣੀ ਚਾਹੀਦੀ ਹੈ |
ਹਾਲਾਂਕਿ ਪੁਲਿਸ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਧਰਨਾ ਹਿੰਸਕ ਰੂਪ ਧਾਰਨ ਕਰ ਗਿਆ ਸੀ ਤੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕੀਤਾ ਗਿਆ ਅਤੇ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਬੈਂਚ ਨੇ ਕਿਹਾ ਕਿ ਸ਼ਾਂਤਮਈ ਧਰਨਾ ਕਰਨਾ ਮੂਲ ਹੱਕ ਹੈ ਤੇ ਧਰਨੇ ਦੀਆਂ ਹੱਦਾਂ ਪਾਰ ਕੀਤੀਆਂ ਜਾਂ ਨਹੀਂ, ਇਹ ਵੇਖਣਾ ਟਰਾਇਲ ਕੋਰਟ ਦਾ ਕੰਮ ਹੈ | ਪੁਲਿਸ ਵਲੋਂ ਪੇਸ਼ ਕੀਤੀ ਗਈ ਵੀਡੀਉ ਬਾਰੇ ਵੀ ਹਾਈ ਕੋਰਟ ਨੇ ਇਹੋ ਕਿਹਾ ਕਿ ਇਹ ਸਾਰਾ ਕੁੱਝ ਟਰਾਇਲ ਦੌਰਾਨ ਹੀ ਸਪੱਸ਼ਟ ਹੋ ਸਕਦਾ ਹੈ, ਲਿਹਾਜਾ ਨੌਦੀਪ ਕੌਰ ਨੂੰ ਜ਼ਮਾਨਤ ਦੇਣੀ ਬਣਦੀ ਹੈ | ਨੌਦੀਪ ਕੌਰ ਦੇ ਸਹਿ ਮੁਲਜ਼ਮ ਮਜ਼ਦੂਰ ਅਧਿਕਾਰ ਸੰਗਠਨ ਦੇ ਪ੍ਰਧਾਨ ਸ਼ਿਵ ਕੁਮਾਰ ਦੇ ਮਾਮਲੇ ਦੀ ਸੁਣਵਾਈ ਵੀ ਹੋਈ ਤੇ ਇਹ ਮਾਮਲਾ ਅੱਗੇ ਪਾ ਦਿਤਾ ਗਿਆ | ਐਡਵੋਕੇਟ ਅਰਸ਼ਦੀਪ ਸਿੰਘ ਚੀਮਾ ਨੇ ਦਸਿਆ ਕਿ ਉਸ ਨੂੰ ਡਾਕਟਰੀ ਮਦਦ ਮੁਹਈਆ ਕਰਵਾਈ ਜਾ ਚੁੱਕੀ ਹੈ |
nodeep kaur