
ਮੁਕੇਸ਼ ਅੰਬਾਨੀ ਦੇ ਘਰ ਬਾਹਰ ਮਿਲੀ ਸ਼ੱਕੀ ਕਾਰ ਚੋਰੀ ਦੀ ਨਿਕਲੀ
ਅੰਬਾਨੀ ਨੂੰ ਚਿੱਠੀ ਮਿਲੀ, ''ਤੈਨੂੰ ਵੇਖ ਲਵਾਂਗੇ!''
ਨਵੀਂ ਦਿੱਲੀ, 26 ਫ਼ਰਵਰੀ : ਮੁਕੇਸ਼ ਅੰਬਾਨੀ ਦੇ ਮੁੰਬਈ ਸਥਿਤ ਘਰ ਇੰਟੀਲਿਆ ਦੇ ਬਾਹਰ ਮਿਲੀ ਸ਼ੱਕੀ ਸਕਾਰਪਿਉ ਦੀ ਜਾਂਚ ਜਾਰੀ ਹੈ | ਮੁੰਬਈ ਪੁਲਿਸ ਦੇ ਨਾਲ ਹੀ ਮੁੰਬਈ ਕ੍ਰਾਈਮ ਬ੍ਰਾਂਚ ਜਾਂਚ 'ਚ ਜੁਟੀ ਹੈ | ਹੁਣ ਤਕ ਦੀ ਪੜਤਾਲ ਅਨੁਸਾਰ, ਸਕਾਰਪਿਉ 'ਤੇ ਲੱਗੀ ਨੰਬਰ ਪਲੇਟ ਫ਼ਰਜ਼ੀ ਹੈ | ਉਥੇ ਹੀ ਗੱਡੀ 'ਚ ਕੁੱਝ ਹੋਰ ਫ਼ਰਜ਼ੀ ਨੰਬਰ ਪਲੇਟਾਂ ਮਿਲੀਆਂ ਹਨ | ਕਾਰ ਚੋਰੀ ਦੀ ਸੀ | ਉਸ ਨੂੰ ਦੂਸਰੇ ਸੂਬੇ ਤੋਂ ਚੋਰੀ ਕਰ ਕੇ ਮੁੰਬਈ ਲਿਆਂਦਾ ਗਿਆ ਸੀ | ਹੁਣ ਤਕ ਪਤਾ ਨਹੀਂ ਚਲਿਆ ਕਿ ਗੱਡੀ ਉਥੇ ਕਿਸ ਨੇ ਪਾਰਕ ਕੀਤੀ ਹੈ | ਹਾਲਾਂਕਿ, ਅਧਿਕਾਰੀਆਂ ਨੂੰ ਉਮੀਦ ਹੈ ਕਿ ਇਸ ਇਲਾਕੇ 'ਚ ਥਾਂ-ਥਾਂ ਸੀਸੀਟੀਵੀ ਕੈਮਰੇ ਲੱਗੇ ਹਨ | ਅਜਿਹੇ 'ਚ ਦੋਸ਼ੀ ਦਾ ਪਤਾ ਲਗਾਉਣਾ ਮੁਸ਼ਕਲ ਨਹੀਂ ਹੋਵੇਗਾ | ਵੱਖ-ਵੱਖ 10 ਜਾਂਚ ਟੀਮਾਂ ਨੂੰ ਇਸ ਕੰਮ 'ਚ ਲਗਾਇਆ ਗਿਆ ਹੈ | ਇਸ ਦੌਰਾਨ, ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿਤੀ ਹੈ | ਪੂਰੀ ਮੁੰਬਈ 'ਚ ਅਲਰਟ ਜਾਰੀ ਹੈ ਅਤੇ ਮਾਇਆਨਗਰੀ ਨੂੰ ਛਾਉਣੀ ਬਣਾ ਦਿਤਾ ਹੈ | ਮੀਡੀਆ ਰੀਪੋਰਟਾਂ ਅਨੁਸਾਰ, ਸ਼ੱਕੀ ਸਕਾਰਪਿਉ 'ਚੋਂ ਇਕ ਚਿੱਠੀ ਵੀ ਮਿਲੀ ਹੈ | ਕੰਪਿਊਟਰ ਨਾਲ ਟਾਈਪ ਕੀਤੀ ਇਸ ਚਿੱਠੀ 'ਚ 'ਦੇਖ ਲਵਾਂਗੇ' ਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ | ਜਿਸ ਬੈਗ 'ਚ ਇਹ ਚਿੱਠੀ ਰੱਖੀ ਸੀ, ਉਸ 'ਤੇ ਮੁੰਬਈ ਇੰਡੀਅਨਜ਼ ਲਿਖਿਆ ਸੀ | ਚਿੱਠੀ 'ਚ ਲਿਖਿਆ ਗਿਆ ਹੈ ਕਿ 'ਮੁਕੇਸ਼ ਭਰਾ, ਨੀਤਾ ਭਾਬੀ, ਇਹ ਤਾਂ ਇਕ ਝਲਕ ਸੀ | ਅਗਲੀ ਵਾਰ ਸਾਮਾਨ ਪੂਰਾ ਹੋ ਕੇ ਆਵੇਗਾ | ਪਰਵਾਰ ਨੂੰ ਉਡਾਉਣ ਦਾ ਬੰਦੋਬਸਤ ਹੋ ਗਿਆ ਹੈ | ਸੰਭਲ ਕੇ ਰਹੀਉ | ਗੁੱਡ ਨਾਈਟ |'
ਗੱਡੀ 'ਚੋਂ ਜਿਲੇਟਿਨ ਦੀਆਂ 20 ਛੜਾਂ ਮਿਲੀਆਂ ਸੀ, ਜਿਸ ਨਾਲ ਇਕ ਵੱਡਾ ਵਿਸਫ਼ੋਟ ਕੀਤਾ ਜਾ ਸਕਦਾ ਸੀ | ਅਧਿਕਾਰੀਆਂ ਨੂੰ ਸ਼ੱਕ ਹੈ ਕਿ ਗੱਡੀ ਦੀ ਨੰਬਰ ਪਲੇਟ ਅੰਬਾਨੀ ਦੇ ਕਾਫ਼ਲੇ 'ਚ ਸ਼ਾਮਲ ਗੱਡੀਆਂ ਦੀ ਨੰਬਰ ਪਲੇਟ ਨਾਲ ਮਿਲਦੀ ਜੁਲਦੀ ਰੱਖੀ ਗਈ ਤਾਕਿ ਕਿਸੇ ਨੂੰ ਸ਼ੱਕ ਨਾ ਹੋਵੇ ਪਰ ਸਾਜ਼ਸ਼ ਅਸਫ਼ਲ ਰਹੀ | (ਏਜੰਸੀ)