
ਕਿਸਾਨ ਦੇ ਸਰੀਰ 'ਤੇ ਗੋਲੀ ਦੇ ਜ਼ਖ਼ਮ ਨਹੀਂ ਸਨ : ਪੁਲਿਸ ਨੇ ਅਦਾਲਤ ਨੂੰ ਦਸਿਆ
ਨਵੀਂ ਦਿੱਲੀ, 26 ਫ਼ਰਵਰੀ: ਗਣਤੰਤਰ ਦਿਵਸ 'ਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ 'ਟਰੈਕਟਰ ਪਰੇਡ' ਦੌਰਾਨ ਟਰੈਕਟਰ ਪਲਟਣ ਕਾਰਨ 25 ਸਾਲਾ ਕਿਸਾਨ ਨਵਰੀਤ ਸਿੰਘ ਦੀ ਮੌਤ ਹੋਣ ਦੀ ਘਟਨਾ ਦੇ ਮਾਮਲੇ ਵਿਚ ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਦਿੱਲੀ ਹਾਈ ਕੋਰਟ ਨੂੰ ਦਸਿਆ ਕਿ ਇਕ ਗਣਤੰਤਰ ਦਿਵਸ ਉੱਤੇ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਇਕ ਟਰੈਕਟਰ ਦੇ ਪਲਟਣ ਦੀ ਘਟਨਾ ਵਿਚ ਜਾਨ ਗਵਾਉਣ ਵਾਲੇ 25 ਸਾਲਾ ਕਿਸਾਨ ਦੇ ਸਰੀਰ 'ਤੇ ਕਿਤੇ ਵੀ ਬੰਦੂਕ ਦੀ ਗੋਲੀ ਦੇ ਜ਼ਖ਼ਮ ਨਹੀਂ ਸਨ | ਦੋਵਾਂ ਸੂਬਿਆਂ ਦੀ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਰਾਮਪੁਰ ਵਿਖੇ ਜ਼ਿਲ੍ਹਾ ਹਸਪਤਾਲ ਵਲੋਂ ਦਿਤੀ ਪੋਸਟਮਾਰਟਮ ਅਤੇ ਐਕਸ-ਰੇਅ ਰੀਪੋਰਟ ਦੇ ਆਧਾਰ 'ਤੇ ਇਹ ਦਸਿਆ | ਦਿੱਲੀ ਪੁਲਿਸ ਨੇ ਕਿਹਾ ਹੈ ਕਿ ਪੋਸਟਮਾਰਟਮ ਦੀ ਰੀਪੋਰਟ ਦੇ ਅਨੁਸਾਰ ਹਾਦਸਾ ਕਾਰਨ ਸਿਰ ਵਿਚ ਸੱਟ ਲੱਗਣ ਕਾਰਨ ਨੌਜਵਾਨ ਕਿਸਾਨ ਦੀ ਮੌਤ ਹੋਈ | ਮਿ੍ਤਕ ਦੇ ਦਾਦਾ ਹਰਦੀਪ ਸਿੰਘ ਵਲੋਂ ਦਾਇਰ ਪਟੀਸ਼ਨ ਦੇ ਜਵਾਬ ਵਿਚ ਇਹ ਬਿਆਨ ਦਿਤਾ ਗਿਆ | ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਿ੍ਤਕ ਦੇ ਸਿਰ ਵਿਚ ਗੋਲੀ ਲੱਗੀ ਸੀ | ਵਕੀਲਾਂ ਵਰਿੰਦਾ ਗਰੋਵਰ ਅਤੇ ਸੌਤਿਕ ਬੈਨਰਜੀ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਵਿਚ ਨੌਜਵਾਨ ਕਿਸਾਨ ਦੀ ਮੌਤ ਦੇ ਮਾਮਲੇ ਵਿਚ ਅਦਾਲਤ ਦੀ ਨਿਗਰਾਨੀ ਹੇਠ ਐਸਆਈਟੀ ਜਾਂਚ ਦੀ ਮੰਗ ਕੀਤੀ ਗਈ ਹੈ | ਹਾਈ ਕੋਰਟ ਨੇ ਸ਼ੁਕਰਵਾਰ ਨੂੰ ਕੇਸ ਦੀ ਅਗਲੀ ਸੁਣਵਾਈ 4 ਮਾਰਚ ਨੂੰ ਨਿਰਧਾਕਤ ਕੀਤੀ ਹੈ |
ਦਿੱਲੀ ਸਰਕਾਰ ਦੇ ਸਥਾਈ ਵਕੀਲ ਰਾਹੁਲ ਮੇਹਰਾ ਅਤੇ ਵਕੀਲ ਚੈਤਨਿਆ ਗੋਸਾਈਾ ਨੇ ਦਿੱਲੀ ਪੁਲਿਸ ਦੀ ਨੁਮਾਇੰਦਗੀ ਕੀਤੀ, ਜਿਸ ਨੇ ਘਟਨਾ ਸਥਾਨ 'ਤੇ ਦੀਨ ਦਿਆਲ ਉਪਾਧਿਆਏ ਮਾਰਗ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਇਕੱਠੀ ਕੀਤੀ ਫ਼ੁਟੇਜ ਦੇ ਆਧਾਰ 'ਤੇ ਕਿਹਾ ਕਿ ਉਹ ਤੇਜ਼ ਰਫ਼ਤਾਰ ਨਾਲ ਇਕ ਟਰੈਕਟਰ ਚਲਾ ਰਿਹਾ ਸੀ ਅਤੇ ਬੈਰੀਕੇਡ ਨੂੰ ਟੱਕਰ ਮਾਰਨ ਤੋਂ ਬਾਅਦ ਵਾਹਨ ਪਲਟ ਗਿਆ | ਉਨ੍ਹਾਂ ਕਿਹਾ ਕਿ ਫ਼ੁਟੇਜ ਤੋਂ ਇਹ ਵੀ ਪਤਾ ਲਗਦਾ ਹੈ ਕਿ ਪੁਲਿਸ ਮੁਲਾਜ਼ਮ ਤੇਜ਼ ਰਫ਼ਤਾਰ ਟਰੈਕਟਰ ਤੋਂ ਅਪਣੀ ਸੁਰੱਖਿਆ ਲਈ ਉਸ ਤੋਂ ਭੱਜ ਰਹੇ ਸਨ ਅਤੇ ਉਨ੍ਹਾਂ ਵਿਚੋਂ ਕਿਸੇ ਨੇ ਵੀ ਵਾਹਨ ਜਾਂ ਡਰਾਈਵਰ 'ਤੇ ਗੋਲੀਆਂ ਨਹੀਂ ਚਲਾਈਆਂ | (ਪੀਟੀਆਈ)