
ਪੰਜਾਬ 'ਚ ਸਿਹਤ ਸੇਵਾਵਾਂ ਮਾੜੀਆਂ, ਵੱਡੇ ਸੁਧਾਰਾਂ ਦੀ ਜ਼ਰੂਰਤ : ਚੀਮਾ
ਚੰਡੀਗੜ੍ਹ, 26 ਫ਼ਰਵਰੀ (ਨਰਿੰਦਰ ਸਿੰਘ ਝਾਮਪੁਰ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ 'ਚ ਸਰਕਾਰੀ ਸਿਹਤ ਸੇਵਾਵਾਂ ਬੂਰੀ ਤਰਾਂ ਬਰਬਾਦ ਹੋ ਚੁੱਕੀਆਂ ਹਨ | ਭਿ੍ਸ਼ਟਾਚਾਰ ਨੇ ਸਰਕਾਰੀ ਸਿਹਤ ਸੇਵਾਵਾਂ ਦੀ ਹਾਲਤ ਮਾੜੀ ਕਰ ਦਿਤੀ ਹੈ | ਸਿਹਤ ਸੇਵਾਵਾਂ ਚੰਗੀਆਂ ਕਰਨ ਲਈ ਅੱਜ ਖੇਤਰ 'ਚ ਵੱਡੇ ਪੱਧਰ 'ਤੇ ਸੁਧਾਰ ਕਰਨ ਦੀ ਜ਼ਰੂਰਤ ਹੈ | ਚੀਮਾ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਸਰਕਾਰਾਂ ਨੇ ਸਰਕਾਰੀ ਸਿਹਤ ਸੇਵਾਵਾਂ ਲਈ ਕਈ ਯੋਜਨਾਵਾਂ ਦੀਆਂ ਸ਼ੁਰੂਆਤ ਕੀਤੀ ਸੀ, ਪਰ ਉਨ੍ਹਾਂ ਦਾ ਉਦੇਸ਼ ਲੋਕਾਂ ਦੀ ਸਿਹਤ ਠੀਕ ਕਰਨਾ ਨਹੀਂ, ਸਗੋਂ ਕਰਦਾਤਾਵਾਂ ਦੇ ਪੈਸੇ ਨਾਲ ਕੁੱਝ ਮੁੱਠੀ ਭਰ ਲੋਕਾਂ ਨੂੰ ਲਾਭ ਦੇਣਾ ਸੀ |
ਚੀਮਾ ਨੇ ਆਯੂਸ਼ਮਨ ਭਾਰਤ ਯੋਜਨਾ ਦੀ ਅਸਫ਼ਲਤਾ ਬਾਰੇ ਕਿਹਾ ਕਿ ਇਸ ਯੋਜਨਾ 'ਚ ਵੱਡੇ ਪੈਮਾਨੇ 'ਤੇ ਭਿ੍ਸ਼ਟਾਚਾਰ ਅਤੇ ਘਪਲਾ ਹੋਇਆ ਹੈ, ਜਿਸ ਕਾਰਨ ਇਸ ਯੋਜਨਾ ਦਾ ਵੱਡਾ ਹਿੱਸਾ ਆਮ ਲੋਕਾਂ ਦੇ ਇਲਾਜ 'ਤੇ ਖ਼ਰਚ ਹੋਣ ਦੀ ਥਾਂ ਨਿਜੀ ਬੀਮਾ ਕੰਪਨੀਆਂ ਅਤੇ ਨਿਜੀ ਹਸਪਤਾਲਾਂ ਕੋਲ ਜਾ ਰਿਹਾ ਹੈ | ਇਹ ਯੋਜਨਾ ਹੁਣ ਨਿਜੀ ਹਸਪਤਾਲ ਮਾਲਕਾਂ, ਬੀਮਾ ਕੰਪਨੀਆਂ ਅਤੇ ਭਿ੍ਸ਼ਟ ਰਾਜਨੇਤਾਵਾਂ ਅਤੇ ਅਧਿਕਾਰੀਆਂ ਵਲੋਂ ਲੋਕਾਂ ਦੇ ਪੈਸੇ ਨੂੰ ਲੁੱਟਣ ਦਾ ਜਰੀਆ ਬਣ ਗਈ ਹੈ | ਚੀਮਾ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਹਰ ਸਾਲ ਭਾਰਤ ਸਰਕਾਰ ਨਿਜੀ ਬੀਮਾ ਕੰਪਨੀਆਂ ਨੂੰ 4 ਹਜ਼ਾਰ ਕਰੋੜ ਰੁਪਏ ਵੰਡਦੀ ਹੈ, ਜਿਸ 'ਚੋਂ ਜ਼ਿਆਦਾ ਹਿੱਸੇ ਨੂੰ ਨਿਜੀ ਹਸਪਤਾਲਾਂ ਮਰੀਜ਼ਾਂ ਦੇ ਇਲਾਜ ਦਾ ਖ਼ਰਚ ਜਾਣਬੂੱਝ ਕੇ ਵਧਾ ਕੇ ਲੁਟਦੇ ਹਨ |
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 90 ਫ਼ੀ ਸਦੀ ਰੋਗੀਆਂ ਦਾ ਇਲਾਜ ਓਪੀਡੀ ਵਿਚ ਹੁੰਦਾ ਹੈ ਅਤੇ ਉਹ ਇਸ ਯੋਜਨਾ ਦਾ ਲਾਭ ਨਹੀਂ ਉਠਾ ਸਕਦੇ | ਯਾਨੀ ਸਰਕਾਰ ਐਨੀ ਵੱਡੀ ਰਕਮ ਸਿਰਫ਼ 10- 15 ਫ਼ੀ ਸਦੀ ਮਰੀਜ਼ਾਂ 'ਤੇ ਹੀ ਖ਼ਰਚ ਕਰ ਰਹੀ ਹੈ ਅਤੇ ਉਹ ਵੀ ਕਈ ਮਾਮਲਿਆਂ ਵਿਚ ਦੇਖਿਆ ਗਿਆ ਹੈ ਕਿ ਨਿਜੀ ਹਸਪਤਾਲ ਇਸ ਯੋਜਨਾ ਦੇ ਜ਼ਰੀਏ ਮਰੀਜ਼ਾਂ ਅਤੇ ਬੀਮਾ ਕੰਪਨੀਆਂ ਦੋਵਾਂ ਕੋਲੋਂ ਪੈਸੇ ਵਸੂਲਦੇ ਹਨ |
ਚੀਮਾ ਨੇ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ ਕਿ ਜਿਸ ਯੋਜਨਾ ਨੂੰ ਸਰਕਾਰੀ ਸਿਹਤ ਸੇਵਾਵਾਂ 'ਚ ਸੁਧਾਰ ਲਈ ਸ਼ੁਰੂ ਕੀਤਾ ਸੀ, ਉਹ ਅੱਜ ਡਿਫਾਲਟਰ ਨਿਜੀ ਹਸਪਤਾਲਾਂ ਅਤੇ ਭਿ੍ਸ਼ਟ ਆਗੂਆਂ ਅਤੇ ਅਧਿਕਾਰੀਆਂ ਦੇ ਭਿ੍ਸ਼ਟਾਚਾਰ ਦਾ ਸ਼ਿਕਾਰ ਹੋ ਗਈ ਹੈ |
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਸਰਕਾਰੀ ਸਿਹਤ ਸੇਵਾਵਾਂ 'ਚ ਪ੍ਰਮੁੱਖਤਾ ਨਾਲ ਸੁਧਾਰ ਆ ਜਾਵੇਗਾ ਅਤੇ ਇਲਾਜ ਢਾਂਚੇ ਦਾ ਨਵੇਂ ਸਿਰ ਤੋਂ ਵਿਕਾਸ ਕੀਤਾ ਜਾਵੇਗਾ, ਤਾਂ ਜੋ ਲੋਕਾਂ ਦੇ ਪੈਸੇ ਨੂੰ ਮੁੱਠੀ ਭਰ ਲੋਕਾਂ ਦੀ ਜੇਬ 'ਚ ਪਾਉਣ ਦੀ ਬਜਾਏ ਜਨਤਾ ਦੀ ਸੁਵਿਧਾ ਲਈ ਇਸਤੇਮਾਲ ਕੀਤਾ ਜਾ ਸਕੇ |
ਉਨਾਂ ਕਿਹਾ ਕਿ ਆਪ ਦੀ ਸਰਕਾਰ ਜਨਤਾ ਦੇ ਪੈਸੇ ਦੀ ਹੇਰਾਫੇਰੀ ਕਰਨ ਵਾਲੇ ਅਧਿਕਾਰੀਆਂ, ਭਿ੍ਸ਼ਟ ਆਗੂਆਂ ਅਤੇ ਨਿੱਜੀ ਹਸਪਤਾਲਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ | ਸ਼ਾਸਨ ਵਿਵਸਥਾ 'ਚ ਫੈਲੀ ਲੁੱਟ ਅਤੇ ਭਿ੍ਸ਼ਟਾਚਾਰ ਨੂੰ ਖ਼ਤਮ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਯੋਜਨਾਵਾਂ ਨਾਲ ਆਮ ਲੋਕਾਂ ਨੂੰ ਚੰਗੀ ਸਿਹਤ, ਸਿੱਖਿਆ ਅਤੇ ਹੋਰ ਬੁਨਿਆਦੀ ਸਹੂਲਤਾ ਪ੍ਰਦਾਨ ਕਰੇਗੀ |