
ਦੇਸ਼ ਅੰਦਰ ਘੱਟ ਗਿਣਤੀਆਂ ਵਿਰੁਧ ਨਫ਼ਰਤੀ ਮਾਹੌਲ ਪੈਦਾ ਕੀਤਾ ਜਾ ਰਿਹੈ ਜੋ ਮੰਦਭਾਗਾ ਹੈ : ਬਾਬਾ ਬਲਬੀਰ ਸਿੰਘ
ਦੇਸ਼ ਵਿਚ ਦਸਤਾਰ ਸੁਰੱਖਿਅਤ ਨਹੀਂ ਤਾਂ ਦੇਸ਼ ਵੀ ਸੁਰੱਖਿਅਤ ਨਹੀ
ਸ਼੍ਰੀ ਅਨੰਦਪੁਰ ਸਾਹਿਬ, 26 ਫ਼ਰਵਰੀ (ਸੁਖਵਿੰਦਰਪਾਲ ਸਿੰਘ ਸੁੱਖੂ): ਕਰਨਾਟਕ ਦੇ ਬੈਂਗਲੂਰ ਸ਼ਹਿਰ ਵਿਚ ਕਾਲਜ ਅਤੇ ਸਕੂਲਾਂ ਵਿਚ ਦਸਤਾਰ, ਧਾਰਮਕ ਕਕਾਰਾਂ ਨੂੰ ਨਿਸ਼ਾਨਾ ਬਣਾ ਕੇ ਵਿਦਿਅਕ ਸੰਸਥਾਵਾਂ ਵਿਚ ਦਸਤਾਰਧਾਰੀ ਬੱਚਿਆਂ ਨੂੰ ਦਾਖ਼ਲਾ ਨਾ ਦਿਤੇ ਜਾਣ ਸਬੰਧੀ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਬਿਆਨ ਵਿਚ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਦਸਤਾਰ ਅਤੇ ਧਾਰਮਕ ਚਿੰਨ੍ਹਾਂ/ਕਕਾਰਾਂ ਸਬੰਧੀ ਛਿੜ ਰਹੇ ਵਿਵਾਦ ਤੇ ਬਹੁਤ ਅਫ਼ਸੋਸ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਦੇਸ਼ ਵਿਚ ਲਗਾਤਾਰ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਜਿਸ ਨਾਲ ਵੱਖ-ਵੱਖ ਭਾਈਚਾਰਿਆਂ ਵਿਚ ਨਫ਼ਰਤ ਅਤੇ ਟਕਰਾਅ ਦੇ ਹਾਲਾਤ ਬਣਦੇ ਜਾ ਰਹੇ ਹਨ। ਘੱਟ ਗਿਣਤੀਆਂ ਵਿਰੁਧ ਹਰ ਰੋਜ਼ ਕੋਈ ਨਾ ਕੋਈ ਬੇਲੋੜਾ ਮਸਲਾ ਖੜਾ ਕਰ ਕੇ ਖ਼ੁਦ ਹੀ ਵਿਵਾਦ ਪੈਦਾ ਕੀਤਾ ਜਾਂਦਾ ਹੈ। ਪਹਿਲਾਂ ਹਿਜ਼ਾਬ ਪਹਿਨਣ ’ਤੇ ਵਿਵਾਦ ਖੜਾ ਕੀਤਾ ਗਿਆ।
ਹੁਣ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਦਸਤਾਰ ਅਤੇ ਕਕਾਰਾਂ ਦੇ ਵਿਰੋਧ ਵਿਚ ਮਾਹੌਲ ਸਿਰਜਿਆ ਜਾ ਰਿਹਾ ਹੈ। ਇਹ ਵਰਤਾਰਾ ਬਹੁਤ ਹੀ ਮੰਦਭਾਗਾ ਅਤੇ ਖ਼ਤਰਨਾਕ ਹੈ। ਇਸ ਦੇ ਨਤੀਜੇ ਬਹੁਤ ਬੁਰੇ ਨਿਕਲ ਸਕਦੇ ਹਨ।
ਅੱਜ ਏਥੋ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਤੋਂ ਸਕੱਤਰ ਦਿਲਜੀਤ ਸਿੰਘ ਬੇਦੀ ਵਲੋ ਜਾਰੀ ਇਕ ਲਿਖਤੀ ਪ੍ਰੈੱਸ ਬਿਆਨ ਵਿਚ ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਪਹਿਲਾਂ ਕਰਨਾਟਕ ਦੇ ਬੈਂਗਲੁਰੂ ਸ਼ਹਿਰ ਵਿਖੇ ਇੱਕ ਕਾਲਜ ਵਿਚ ਅੰਮ੍ਰਿਤਧਾਰੀ ਸਿੱਖ ਲੜਕੀ ਨੂੰ ਦਸਤਾਰ ਪਹਿਨਣ ਤੋਂ ਰੋਕਿਆ ਗਿਆ। ਹੁਣ ਦਸਤਾਰਧਾਰੀ ਸਿੱਖ ਬੱਚੇ ਨੂੰ ਇਕ ਸਕੂਲ ਵਿਚ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਹੈ ਤੇ ਬਹਾਨਾ ਕਰਨਾਟਕਾ ਦੀ ਅਦਾਲਤ ਵਲੋਂ ਹਿਜਾਬ ਦੇ ਸਬੰਧ ਵਿਚ ਲਏ ਫ਼ੈਸਲੇ ਨੂੰ ਆਧਾਰ ਬਨਾਇਆ ਜਾ ਰਿਹਾ ਹੈ। ਹੁਣ ਸਿੱਖ ਭਾਈਚਾਰੇ ਦਾ ਨਿਆਰਾ ਪਨ ਫ਼ਿਰਕੂ ਅਨਸਰਾਂ ਦੇ ਨਿਸ਼ਾਨੇ ਉੱਪਰ ਹੈ। ਸਰਕਾਰ ਇਸ ਤਰ੍ਹਾਂ ਦੇ ਮੰਦਭਾਗੇ ਵਰਤਾਰੇ ਨੂੰ ਰੋਕਣ ਲਈ ਤੁਰਤ ਹਰਕਤ ਵਿਚ ਆਵੇ ਨਹੀਂ ਤਾਂ ਪੂਰੇ ਮੁਲਕ ਵਿਚ ਅਰਾਜਕਤਾ ਦਾ ਮਾਹੌਲ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਬਦਅਮਨੀ ਦਾ ਮਾਹੌਲ ਨਾ ਬਨਣ ਦੇਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਇਸ ਤਰ੍ਹਾਂ ਦੇ ਮੰਦਭਾਗੇ ਵਰਤਾਰੇ ਨੂੰ ਰੋਕਣ ਲਈ ਤੁਰੰਤ ਹਰਕਤ ਵਿਚ ਆਵੇ। ਉਨ੍ਹਾਂ ਕਿਹਾ ਜੇਕਰ ਦਸਤਾਰ ਨਾ ਰਹੀ ਤਾਂ ਮੁਲਕ ਦੀ ਹੋਂਦ ਵੀ ਖਤਰੇ ਵਿਚ ਪੈ ਜਾਵੇਗੀ।
ਫੋਟੋ ਰੋਪੜ-26-09 ਤੋਂ ਪ੍ਰਾਪਤ ਕਰੋ ਜੀ।