
ਮ੍ਰਿਤਕਾ ਦੇ ਪਤੀ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਗੁਰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ
ਲੌਗੋਵਾਲ- ਲੌਗੋਵਾਲ ਨੇੜਲੇ ਪਿੰਡ ਮੰਡੇਰ ਕਲਾਂ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਈ ਹੈ। ਜਿੱਥੇ ਇਕ ਕਲਯੁਗੀ ਪੁੱਤਰ ਨੇ ਆਪਣੀ ਮਾਂ ਦਾ ਕਹੀਆਂ ਮਾਰ-ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ।
ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਪਰਿਵਾਰ ਨਾਲ ਸੰਬੰਧਿਤ ਅਮਰਜੀਤ ਕੌਰ (60 ਸਾਲ) ਪਤਨੀ ਮਿੱਠੂ ਸਿੰਘ ਆਪਣੇ ਘਰ ’ਚ ਅਰਾਮ ਕਰ ਰਹੀ ਸੀ ਕਿ ਉਸ ਦੇ ਪੁੱਤਰ ਗੁਰਦੀਪ ਸਿੰਘ (35 ਸਾਲ) ਨੇ ਉਸ ’ਤੇ ਕਹੀ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਅਮਰਜੀਤ ਕੌਰ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਜਦੋਂ ਥਾਣਾ ਲੌਗੋਵਾਲ ਵਿਖੇ ਦਿੱਤੀ ਗਈ ਤਾਂ ਡੀ.ਐੱਸ.ਪੀ. ਸੁਨਾਮ ਭਰਪੂਰ ਸਿੰਘ ਅਤੇ ਐਸ.ਐਚ.ਓ. ਲੌਗੋਵਾਲ ਬਲਵੰਤ ਸਿੰਘ ਨੇ ਮੁਸਤੈਦੀ ਨਾਲ ਘਟਨਾ ਸਥਾਨ ’ਤੇ ਪੁੱਜ ਕੇ ਤੱਥਾਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਪਿੰਡ ਵਾਸੀਆਂ ਅਨੁਸਾਰ ਕਤਲ ਕਰਨ ਵਾਲਾ ਗੁਰਦੀਪ ਸਿੰਘ ਆਪਣੇ ਮਾਂ-ਬਾਪ ਅਤੇ ਵਿਆਹੁਤਾ ਭੈਣ ਦੇ ਨਾਲ ਰਹਿ ਰਿਹਾ ਸੀ। ਘਟਨਾ ਸਮੇਂ ਉਸ ਦੀ ਭੈਣ ਘਰ ਤੋਂ ਬਾਹਰ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਗੁਰਦੀਪ ਸਿੰਘ ਦਿਮਾਗੀ ਤੌਰ ’ਤੇ ਪਰੇਸ਼ਾਨ ਸੀ। ਉਸ ਨੂੰ ਕਈ ਵਾਰ ਮਨੋਰੋਗ ਕੇਂਦਰ ’ਚ ਵੀ ਭਰਤੀ ਕਰਵਾਇਆ ਗਿਆ ਸੀ। ਮ੍ਰਿਤਕਾ ਦੇ ਪਤੀ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਗੁਰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਅਤੇ ਦੇਹ ਨੂੰ ਪੋਸਟਮਾਰਟਮ ਕਰਵਾਉਣ ਲਈ ਸੰਗਰੂਰ ਭੇਜਿਆ ਗਿਆ।