
ਟੱਕਰ ਇੰਨੀ ਭਿਆਨਕ ਸੀ ਕਿ ਨਵਦੀਪ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ
ਬਰਨਾਲਾ : ਬਰਨਾਲਾ ਵਿਚ ਕਾਰ ਤੇ ਐਕਟੀਵਾ ਦੀ ਟੱਕਰ ’ਚ ਪਤੀ-ਪਤਨੀ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਪਤੀ-ਪਤਨੀ ਦੀ ਪਛਾਣ ਜਗਤਾਰ ਸਿੰਘ ਅਤੇ ਨਵਦੀਪ ਕੌਰ ਵਾਸੀ ਬਰਨਾਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਦੋਵੇਂ ਪਤੀ-ਪਤਨੀ ਐਕਟਿਵਾ 'ਤੇ ਸਵਾਰ ਹੋ ਕੇ ਪਿੰਡ ਢਿੱਲਵਾਂ ਵਿਖੇ ਨਵੋਦਿਆ ਸਕੂਲ ’ਚ ਪੜ੍ਹ ਰਹੀ ਆਪਣੀ ਧੀ ਨੂੰ ਮਿਲਣ ਲਈ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਪੈਟਰੋਲ ਪੰਪ ਦੇ ਨੇੜੇ ਪੁੱਜੇ ਤਾਂ ਇਕ ਕਾਰ ਨੇ ਪਿਛਿਓਂ ਆ ਕੇ ਉਨ੍ਹਾਂ ਦੀ ਐਕਟਿਵਾ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਭਿਆਨਕ ਸੀ ਕਿ ਨਵਦੀਪ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਜਗਤਾਰ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ। ਦੱਸ ਦੇਈਏ ਕਿ ਮ੍ਰਿਤਕ ਪਤੀ-ਪਤਨੀ ਆਪਣੇ ਪਿੱਛੇ ਤਿੰਨ ਛੋਟੇ-ਛੋਟੇ ਬੱਚੇ ਛੱਡ ਗਏ ਹਨ, ਜਿੰਨ੍ਹਾਂ ਵਿਚ ਦੋ ਕੁੜੀਆਂ ਅਤੇ ਇੱਕ ਮੁੰਡਾ ਹੈ। ਘਟਨਾ ਕਾਰਨ ਸ਼ਹਿਰ ਵਿਚ ਗਮੀ ਦਾ ਮਾਹੌਲ ਪਾਇਆ ਜਾ ਰਿਹਾ ਹੈ।