
Punjab News : ਪਾਰਟੀ ਨੇ ਕਿਹਾ ਕਿ ਖੱਟਰ ਦਾ ਬਿਆਨ ਬੇਹੱਦ ਗੈਰ-ਜ਼ਿੰਮੇਵਾਰਾਨਾ ਅਤੇ ਅਸੰਵੇਦਨਸ਼ੀਲ ਹੈ।
Punjab News in Punjabi : ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਅਮਰੀਕਾ ਤੋਂ ਪਰਤੇ ਨੌਜਵਾਨਾਂ ਬਾਰੇ ਦਿੱਤੇ ਬਿਆਨ ਦੀ ਨਿੰਦਾ ਕੀਤੀ ਹੈ। ਪਾਰਟੀ ਨੇ ਕਿਹਾ ਕਿ ਖੱਟਰ ਦਾ ਬਿਆਨ ਬੇਹੱਦ ਗੈਰ-ਜ਼ਿੰਮੇਵਾਰਾਨਾ ਅਤੇ ਅਸੰਵੇਦਨਸ਼ੀਲ ਹੈ। ਦੇਸ਼ ਦੇ ਕੇਂਦਰੀ ਮੰਤਰੀ ਵੱਲੋਂ ਆਪਣੇ ਹੀ ਨੌਜਵਾਨਾਂ ਪ੍ਰਤੀ ਅਜਿਹਾ ਬਿਆਨ ਦੇਣਾ ਮੰਦਭਾਗਾ ਹੈ।
'ਆਪ' ਪੰਜਾਬ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ 'ਚ ਨਾਕਾਮ ਰਹੀ ਹੈ, ਜਿਸ ਕਾਰਨ ਨੌਜਵਾਨ ਦੇਸ਼ ਛੱਡ ਕੇ ਨੌਕਰੀਆਂ ਦੀ ਭਾਲ 'ਚ ਵਿਦੇਸ਼ ਜਾਣ ਲਈ ਮਜਬੂਰ ਹਨ । ਇਸ ਲਈ ਭਾਜਪਾ ਆਗੂ ਨੂੰ ਨੌਜਵਾਨਾਂ ਦੀ ਆਲੋਚਨਾ ਕਰਨ ਦੀ ਬਜਾਏ ਸੋਚਣਾ ਚਾਹੀਦਾ ਹੈ ਕਿ ਅਜਿਹੀ ਸਥਿਤੀ ਕਿਉਂ ਪੈਦਾ ਹੋਈ ਹੈ?
ਨੀਲ ਗਰਗ ਨੇ ਕਿਹਾ ਕਿ ਖੱਟਰ ਦਾ ਬਿਆਨ ਹੈਰਾਨੀਜਨਕ ਨਹੀਂ ਹੈ। ਭਾਜਪਾ ਆਗੂ ਕਿਸਾਨਾਂ, ਨੌਜਵਾਨਾਂ, ਔਰਤਾਂ ਅਤੇ ਘੱਟ ਗਿਣਤੀਆਂ ਪ੍ਰਤੀ ਹਮੇਸ਼ਾ ਮਾੜੀ ਬਿਆਨਬਾਜ਼ੀ ਕਰਦੇ ਹਨ। ਨਫ਼ਰਤ ਭਰੀ ਬਿਆਨਬਾਜ਼ੀ ਕਰਨਾ ਭਾਜਪਾ ਆਗੂਆਂ ਦਾ ਸੁਭਾਅ ਹੈ।
ਗਰਗ ਨੇ ਕਿਹਾ ਕਿ ਜਿਹੜੇ ਨੌਜਵਾਨ ਵਾਪਸ ਆਏ ਹਨ, ਉਹ ਕਿਸੇ ਇੱਕ ਸੂਬੇ ਨਾਲ ਸਬੰਧਤ ਨਹੀਂ ਹਨ। ਪੰਜਾਬ, ਹਰਿਆਣਾ, ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਦੇ ਲੋਕ ਹਨ। ਇਸ ਦਾ ਸਪੱਸ਼ਟ ਕਾਰਨ ਇਹ ਹੈ ਕਿ ਦੇਸ਼ ਵਿੱਚ ਰੁਜ਼ਗਾਰ ਦੇ ਲੋੜੀਂਦੇ ਮੌਕੇ ਨਹੀਂ ਹਨ। ਉਨ੍ਹਾਂ ਕਿਹਾ ਕਿ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਹਰ ਸਾਲ 2 ਕਰੋੜ ਨੌਕਰੀਆਂ ਦੇਵੇਗੀ, ਪਰ ਅੱਜ ਹਕੀਕਤ ਇਹ ਹੈ ਕਿ ਰੁਜ਼ਗਾਰ ਵਧਣ ਦੀ ਬਜਾਏ ਦਿਨੋਂ-ਦਿਨ ਘਟਦਾ ਜਾ ਰਿਹਾ ਹੈ। ਜੇਕਰ ਨੌਜਵਾਨਾਂ ਨੂੰ ਆਪਣੇ ਹੀ ਦੇਸ਼ ਵਿੱਚ ਨੌਕਰੀਆਂ ਮਿਲ ਜਾਂਦੀਆਂ ਤਾਂ ਉਨ੍ਹਾਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਸੀ ਪੈਣੀ।
‘ਆਪ’ ਦੇ ਬੁਲਾਰੇ ਨੇ ਕਿਹਾ ਕਿ ਭਾਜਪਾ ਦੇਸ਼ ਨੂੰ ਵਿਸ਼ਵ ਆਗੂ ਬਣਾਉਣ ਦਾ ਦਾਅਵਾ ਕਰਦੀ ਹੈ। ਇਸ ਦੇ ਆਗੂ ਅਕਸਰ ਕਹਿੰਦੇ ਹਨ ਕਿ ਨਰਿੰਦਰ ਮੋਦੀ ਨੇ ਵਿਦੇਸ਼ਾਂ ਵਿੱਚ ਭਾਰਤ ਦਾ ਸਨਮਾਨ ਵਧਾਇਆ ਹੈ। ਪਰ ਜਦੋਂ ਅਮਰੀਕਾ ਨੇ ਦੇਸ਼ ਦੇ ਨੌਜਵਾਨਾਂ ਨੂੰ ਹਥਕੜੀਆਂ ਪਾ ਕੇ ਵਾਪਸ ਭੇਜਿਆ ਤਾਂ ਭਾਰਤ ਦੀ ਇੱਜ਼ਤ ਦਾ ਕੀ ਬਣਿਆ? ਉਨ੍ਹਾਂ ਕਿਹਾ ਕਿ ਕੰਬੋਡੀਆ ਵਰਗੇ ਛੋਟੇ ਦੇਸ਼ ਨੇ ਅਮਰੀਕਾ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਅਤੇ ਉਸ ਦੇ ਜਹਾਜ਼ ਨੂੰ ਆਪਣੇ ਦੇਸ਼ 'ਚ ਉਤਰਨ ਨਹੀਂ ਦਿੱਤਾ। ਉਸਨੇ ਆਪਣੇ ਲੋਕਾਂ ਨੂੰ ਆਪਣੇ ਜਹਾਜ਼ ਵਿੱਚ ਵਾਪਸ ਲਿਆਂਦਾ। ਪਰ ਭਾਰਤ ਸਰਕਾਰ ਨੇ ਅਮਰੀਕਾ ਨੂੰ ਕੁਝ ਨਹੀਂ ਕਿਹਾ।
‘ਆਪ’ ਆਗੂ ਨੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਤੋਂ ਮੰਗ ਕੀਤੀ ਕਿ ਮਨੋਹਰ ਲਾਲ ਖੱਟਰ ਆਪਣਾ ਬਿਆਨ ਵਾਪਸ ਲੈਣ ਅਤੇ ਨੌਜਵਾਨਾਂ ਤੋਂ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਸਰਕਾਰ ਦੀ ਨਾਕਾਮੀ ਦੀ ਮਿਸਾਲ ਹੈ। ਇਸ ਲਈ ਤੁਸੀਂ ਬੇਰੁਜ਼ਗਾਰ ਨੌਜਵਾਨਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ।
(For more news apart from AAP condemned Manohar Lal Khattar's statement on youth after returning from America News in Punjabi, stay tuned to Rozana Spokesman)