
ਬਾਜ਼ਾਰਾਂ ਵਿਚ ਛਾਇਆ ਸੰਨਾਟਾ, ਵਿਦਿਅਕ ਅਦਾਰੇ, ਬੈਂਕ ਤੇ ਬੱਸ ਸੇਵਾ ਵੀ ਰਹੀ ਠੱਪ
ਚੰਡੀਗੜ੍ਹ, 26 ਮਾਰਚ (ਗੁਰਉਪਦੇਸ਼ ਭੁੱਲਰ): ਕਿਸਾਨ ਅੰਦੋਲਨ ਦੇ ਚਾਰ ਮਹੀਨੇ ਪੂਰੇ ਹੋਣ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਅੱਜ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ, ਹਰਿਆਣਾ ਵਿਚ ਬੇਮਿਸਾਲ ਹੁੰਗਾਰਾ ਮਿਲਿਆ। ਰਾਜਸਥਾਨ, ਯੂ.ਪੀ., ਕਰਨਾਟਕ ਸਮੇਤ ਹੋਰ ਕਈ ਸੂਬਿਆਂ ਵਿਚ ਵੀ ਇਸ ਬੰਦ ਨੂੰ ਇਸ ਵਾਰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸਮਰਥਨ ਮਿਲਿਆ ਹੈ। ਪੰਜਾਬ ਅਤੇ ਹਰਿਆਣਾ ਦੀਆਂ ਰੀਪੋਰਟਾਂ ਤੋਂ ਪਤਾ ਲਗਦਾ ਹੈ ਕਿ ਇਥੇ ਤਾਂ ਬਜ਼ਾਰਾਂ ਤੇ ਸੜਕਾਂ ਵਿਚ ਪੂਰੀ ਤਰ੍ਹਾਂ ਸੰਨਾਟਾ ਛਾਇਆ ਰਿਹਾ ਅਤੇ ਥਾਂ ਥਾਂ ਕਿਸਾਨਾਂ ਦੇ ਨਾਲ ਹੋਰ ਵਰਗਾਂ ਨੇ ਮਿਲ ਕੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅਤੇ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰੇ ਕੀਤੇ ਅਤੇ ਹਰ ਥਾਂ ਧਰਨੇ ਲਾ ਕੇ ਸੜਕੀ ਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਜਾਮ ਕਰ ਦਿਤੀ। ਇਸ ਵਾਰ ਭਾਰਤ ਬੰਦ ਪੂਰੇ 12 ਘੰਟੇ ਦਾ ਸੀ ਅਤੇ ਸਬਜ਼ੀ ਤੇ ਦੁੱਧ ਦੀ ਸਪਲਾਈ ਵੀ ਪਿੰਡਾਂ ਤੋਂ ਸ਼ਹਿਰਾਂ ਵਿਚ ਨਹੀਂ ਆਈ। ਜਿਥੇ ਬਜ਼ਾਰਾਂ ਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ ਉਥੇ ਸਕੂਲ, ਬੈਂਕ ਅਤੇ ਬੱਸ ਸੇਵਾ ਵੀ ਠੱਪ ਰਹੀ। ਸਵੇਰੇ ਕੁੱਝ ਥਾਵਾਂ ਤੋਂ ਐਕਪ੍ਰੈਸ ਅਤੇ ਹੋਰ ਰੇਲਾਂ ਚਲੀਆਂ ਸਨ ਪਰ ਕੁੱਝ ਸਮੇਂ ਬਾਅਦ ਹੀ ਧਰਨਾਕਾਰੀਆਂ ਨੇ ਉਨ੍ਹਾਂ ਨੂੰ ਰਾਹਾਂ ਵਿਚ ਹੀ ਰੋਕ ਲਿਆ। ਜ਼ਿਕਰਯੋਗ ਹੈ ਕਿ ਕਿਸਾਨਾਂ ਵਲੋਂ ਰੇਲਾਂ ਵਿਚ ਬੈਠੇ ਮੁਸਾਫ਼ਰਾਂ ਲਈ ਲੰਗਰ ਦੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਸਨ। ਅੰਮ੍ਰਿਤਸਰ ’ਚ ਕਿਸਾਨਾਂ ਨੇ ਬੰਦ ਦੌਰਾਨ ਨੰਗੇ ਧੜ ਰੋਸ ਮੁਜਾਹਰਾ ਕਰ ਕੇ ਅਨੌਖੇ ਤਰੀਕੇ ਨਾਲ ਰੋਸ ਜਤਾਇਆ।