
ਖੇਤੀ ਕਾਨੂੰਨਾਂ ਵਿਰੁਧ ਭਾਰਤ ਬੰਦ ਦੇ ਸੱਦੇ ਨੂੰ ਦੇਸ਼ ਭਰ ’ਚ ਮਿਲਿਆ ਜ਼ਬਰਦਸਤ ਹੁੰਗਾਰਾ
ਪ੍ਰਮੋਦ ਕੌਸ਼ਲ
ਲੁਧਿਆਣਾ, 26 ਮਾਰਚ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਵਿਰੁਧ ਸਯੁੰਕਤ ਕਿਸਾਨ ਮੋਰਚਾ ਦੇ ਸੱਦੇ ਉਤੇ ਬੁਲਾਏ ਗਏ ਭਾਰਤ ਬੰਦ ਨੂੰ ਦੇਸ਼ ਭਰ ਵਿਚ ਜ਼ਬਰਦਸਤ ਹੁੰਗਾਰਾ ਮਿਲਿਆ। ਪੰਜਾਬ ਵਿਚ 200 ਤੋਂ ਵੱਧ ਥਾਵਾਂ ਤੇ ਜਦਕਿ ਹਰਿਆਣਾ, ਬਿਹਾਰ, ਗੁਜਰਾਤ, ਕਰਨਾਟਕ, ਆਂਧਰਾ ਪ੍ਰਦੇਸ਼ ਵਿਚ ਬੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਪੰਜਾਬ ਨੂੰ ਆਉਣ-ਜਾਣ ਵਾਲੀਆਂ ਰੇਲ ਗੱਡੀਆਂ ਵੀ ਨਹੀਂ ਚੱਲਣ ਦਿਤੀਆਂ ਗਈਆਂ ਜਦਕਿ ਐਂਬੂਲੈਂਸਾਂ, ਮਿਲਟਰੀ ਦੀਆਂ ਗੱਡੀਆਂ ਆਦਿ ਨੂੰ ਨਹੀਂ ਰੋਕਿਆ ਗਿਆ। ਉਧਰ, ਕਿਸਾਨ ਆਗੂ ਯੁੱਧਵੀਰ ਸਿੰਘ, ਜੋ ਗੁਜਰਾਤ ਦੇ ਕਿਸਾਨਾਂ ਨਾਲ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਭਾਵਨਗਰ ਵਿਚ ਸੀ, ਨੂੰ ਗੁਜਰਾਤ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਗਿਆ ਜਦਕਿ ਕਵਿਤਾ ਕੁਰੁਗੰਤੀ, ਕੋਡੀਹੱਲੀ ਚੰਦਰਸ਼ੇਖਰ, ਬੇਅਰੇਡੀ, ਟਰੇਡ ਯੂਨੀਅਨ ਦੇ ਨੇਤਾਵਾਂ ਅਤੇ ਕਰਨਾਟਕ ਦੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਵੀ ਇਸੇ ਤਰ੍ਹਾਂ ਬੈਂਗਲੁਰੁੂ ਵਿਚ ਪੁਲਿਸ ਨੇ ਚੁੱਕ ਲਿਆ।
ਬਿਹਾਰ, ਉੇੱਤਰ ਪ੍ਰਦੇਸ਼, ਝਾਰਖੰਡ, ਆਂਧਰਾ ਪ੍ਰਦੇਸ਼, ਤੇਲੰਗਾਨਾ : ਭਾਰਤ ਬੰਦ ਦਾ ਪ੍ਰਭਾਵ ਬਿਹਾਰ ਵਿਚ ਵੱਡੇ ਪੱਧਰ ਉਤੇ ਵੇਖਣ ਨੂੰ ਮਿਲਿਆ। ਇਹ ਬੰਦ ਪਟਨਾ ਸਮੇਤ ਭੋਜਪੁਰ, ਰੋਹਤਾਸ, ਬਕਸਰ, ਗਿਆ, ਨਵਾਦਾ, ਸੇਖਪੁਰਾ, ਨਾਲੰਦਾ, ਪੂਰਨੀਆ, ਬੇਗੂਸਰਾਏ, ਦਰਭੰਗਾ, ਮੁਜ਼ੱਫ਼ਰਪੁਰ, ਸਿਵਾਨ, ਵੈਸ਼ਾਲੀ ਸਮਸਤੀਪੁਰ, ਜਹਾਨਾਬਾਦ, ਅਰਵਾਲ, ਔਰੰਗਾਬਾਦ, ਜਮੂਈ, ਪਛਮੀ ਚੰਪਾਰਨ ਆਦਿ ਥਾਵਾਂ ਉਤੇ ਕਿਸਾਨ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਉੱਤਰ ਪ੍ਰਦੇਸ਼ ਵਿਚ ਅਲੀਗੜ, ਸ਼ਾਮਲੀ, ਮੁਰਾਦਾਬਾਦ, ਇਟਾਵਾ, ਸੰਬਲ ਸਮੇਤ ਕਈ ਥਾਵਾਂ ਤੇ ਸੜਕਾਂ ਅਤੇ ਬਾਜ਼ਾਰ ਬੰਦ ਰਹੇ। ਝਾਰਖੰਡ ਦੇ ਰਾਂਚੀ ਸਮੇਤ ਕਈ ਥਾਵਾਂ ਉਤੇ ਕਿਸਾਨਾਂ ਨੇ ਸੜਕਾਂ ਉਤੇ ਜਾਮ ਲਾਏ। ਇਸ ਬੰਦ ਦਾ ਆਂਧਰਾ ਪ੍ਰਦੇਸ਼ ਦੀਆਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਨੇ ਸਮਰਥਨ ਕੀਤਾ ਸੀ। ਕੁਰਨੂਲ ਅਤੇ ਵਿਜੇਵਾੜਾ ਵਿਚ ਕਿਸਾਨ ਜਥੇਬੰਦੀਆਂ ਨੇ ਬੰਦ ਨੂੰ
ਸਫ਼ਲ ਬਣਾਇਆ। ਭਾਰਤ ਬੰਦ ਦਾ ਅਸਰ ਤੇਲੰਗਾਨਾ ਵਿਚ ਦਰਜਨਾਂ ਥਾਵਾਂ ’ਤੇ ਵਾਰੰਗਲ, ਹਨਮਕੋਂਡਾ ਅਤੇ ਮਹਿਬੂਬਾਬਾਦ ਵਿਚ ਦੇਖਣ ਨੂੰ ਮਿਲਿਆ।
ਕਰਨਾਟਕ, ਉਤਰਾਖੰਡ, ਉੜੀਸਾ, ਰਾਜਸਥਾਨ : ਕਿਸਾਨਾਂ ਨੇ ਕਰਨਾਟਕ ਦੇ ਬੰਗਲੌਰ ਸਮੇਤ ਮੈਸੂਰ, ਗੁਲਬਰਗਾ, ਮੰਡਿਆ ਵਿਚ ਪ੍ਰਦਰਸ਼ਨ ਕੀਤੇ। ਮੈਸੂਰ ਵਿਚ ਤਿੰਨ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜ ਦਿਤੀਆਂ ਗਈਆਂ। ਉਤਰਾਖੰਡ ਦੇ ਉੱਦਮ ਸਿੰਘ ਨਗਰ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਇਕੱਠੇ ਹੋ ਕੇ ਬੰਦ ਨੂੰ ਸਫ਼ਲ ਬਣਾਇਆ। ਉੜੀਸਾ ਦੇ ਕੇਂਦਰਪੱਤਾ ਅਤੇ ਭਦਰਕ ਅਤੇ ਹੋਰ ਕਈ ਥਾਈਂ ਵੀ ਕਿਸਾਨਾਂ ਨੇ ਭਾਰਤ ਬੰਦ ਦਾ ਸਮਰਥਨ ਕੀਤਾ। ਮਹਾਂਰਾਸ਼ਟਰ ਵਿਚ ਵੀ ਭਾਰਤ ਬੰਦ ਵਿਚ ਕਿਸਾਨਾਂ ਨੇ ਭੂਮਿਕਾ ਨਿਭਾਈ ਅਤੇ ਪਾਲਘਰ ਅਤੇ ਜਲਗਾਂਵ ਵਿਚ ਵੀ ਕਿਸਾਨਾਂ ਨੇ ਸੜਕ ਬੰਦ ਰੱਖੀ। ਰਾਜਸਥਾਨ ਵਿਚ ਬੀਕਾਨੇਰ, ਸ੍ਰੀਗੰਗਾਨਗਰ, ਕੇਸਰੀ ਸਿੰਘਪੁਰ, ਅਨੂਪਗੜ, ਐਨਐਚ 62 ਅਤੇ ਹੋਰ ਥਾਵਾਂ ਉਤੇ ਕਿਸਾਨਾਂ ਨੇ ਸੜਕਾਂ ਜਾਮ ਕਰ ਦਿਤੀਆਂ।
ਹਰਿਆਣਾ ਤੇ ਯੂਨੀਵਰਸਿਟੀਆਂ : ਹਰਿਆਣਾ ਦੇ ਲਗਭਗ ਹਰ ਜ਼ਿਲੇੇ੍ਹ ਤੋਂ ਭਾਰਤ ਬੰਦ ਦੇ ਸਫ਼ਲ ਹੋਣ ਦੀਆਂ ਖ਼ਬਰਾਂ ਹਨ। ਕੁਰੂਕਸ਼ੇਤਰ, ਕਰਨਾਲ, ਸੋਨੀਪਤ, ਅੰਬਾਲਾ ਆਦਿ ਸ਼ਹਿਰਾਂ ਵਿਚ ਸੰਚਾਲਨ ਬੰਦ ਰਿਹਾ। ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਇਸ ਲਹਿਰ ਵਿਚ ਸਰਗਰਮੀ ਨਾਲ ਸੇਵਾਵਾਂ ਨਿਭਾਅ ਰਹੇ ਹਨ। ਵਿਦਿਆਰਥੀਆਂ ਨੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ’ਤੇ ਮਾਰਚ ਕਢਿਆ। ਇਸ ਦੇ ਨਾਲ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਅਧਿਆਪਕ ਸੰਘ, ਵਿਦਿਆਰਥੀ ਸੰਗਠਨਾਂ ਅਤੇ ਸਟਾਫ ਨੇ ਅੱਜ ਦੇ ਭਾਰਤ ਬੰਦ ਦਾ ਸਮਰਥਨ ਕੀਤਾ।
ਵਕੀਲ ਜਥੇਬੰਦੀਆਂ ਤੇ ਵਿਦਿਆਰਥੀ : ਕਈ ਬਾਰ ਐਸੋਸੀਏਸ਼ਨਾਂ, ਟ੍ਰੇਡ ਯੂਨੀਅਨਾਂ, ਵਿਦਿਆਰਥੀ ਜਥੇਬੰਦੀਆਂ, ਲੋਕਪੱਖੀ ਸੰਸਥਾਵਾਂ, ਛੋਟੇ ਵਪਾਰੀ, ਸਮਾਜਕ ਨਿਆਂ ਲਈ ਲੜਨ ਵਾਲੀਆਂ ਜਥੇਬੰਦੀਆਂ, ਸਮਾਜਕ ਅਤੇ ਧਾਰਮਕ ਸੰਸਥਾਵਾਂ, ਸਿਆਸੀ ਪਾਰਟੀਆਂ ਅਤੇ ਚੇਤੰਨ ਨਾਗਰਿਕਾਂ ਨੇ ਇਸ ਬੰਦ ਦਾ ਸਮਰਥਨ ਕੀਤਾ ਅਤੇ ਇਸ ਲਈ ਹਰ ਯਤਨ ਕੀਤੇ। ਸੰਯੁਕਤ ਕਿਸਾਨ ਮੋਰਚਾ ਇਨ੍ਹਾਂ ਸਾਰੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਬੰਦ ਨੂੰ ਸਫ਼ਲ ਬਣਾਉਣ ਲਈ ਦੇਸ਼ ਵਾਸੀਆਂ ਦਾ ਧਨਵਾਦ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਜਾਰੀ ਪ੍ਰੈੱਸ ਨੋਟ ਵਿਚ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਅੱਜ ਬੰਦ ਦੇ ਦੌਰਾਨ ਕੱੁਝ ਮੀਡੀਆ ਕਰਮੀਆਂ ਅਤੇ ਕੱੁਝ ਆਮ ਲੋਕਾਂ ਨੂੰ ਕੱੁਝ ਥਾਵਾਂ ਉਤੇ ਮਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਾਣੇ-ਅਣਜਾਣੇ ਵਿਚ ਜੇਕਰ ਕੱੁਝ ਪ੍ਰਦਰਸ਼ਨਕਾਰੀ ਇਸ ਵਿਚ ਸ਼ਾਮਲ ਸਨ ਤਾਂ ਸਾਨੂੰ ਇਸ ਉਤੇ ਅਫ਼ਸੋਸ ਹੈ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਅਤੇ ਜੋ ਸ਼ਰਧਾਲੂ ਆਨੰਦਪੁਰ ਸਾਹਿਬ ਹੋਲੇ-ਮਹੱਲੇ ਲਈ ਜਾ ਰਹੇ ਹਨ, ਉਨ੍ਹਾਂ ਨੂੰ ਨਹੀਂ ਰੋਕਿਆ ਗਿਆ। ਰੇਲਵੇ ਦੇ ਬੁਲਾਰੇ ਮੁਤਾਬਕ ਕਿਸਾਨ ਅੰਦੋਲਨਕਾਰੀ ਪੰਜਾਬ ਅਤੇ ਹਰਿਆਣਾ ਤੋਂ ਦਿੱਲੀ ਤਕ ਵੱਖੋ-ਵੱਖ 31 ਥਾਂ ’ਤੇ ਧਰਨਾ ਲਗਾ ਕੇ ਬੈਠੇ ਸਨ ਜਿਸ ਕਰ ਕੇ ਅੰਬਾਲਾ ਅਤੇ ਫ਼ਿਰੋਜ਼ਪੁਰ ਡਵੀਜ਼ਨਾਂ ਦੀਆਂ ਕੁਲ 32 ਰੇਲ ਗੱਡੀਆਂ ਰੋਕੀਆਂ ਗਈਆਂ ਅਤੇ ਚਾਰ ਸ਼ਤਾਬਦੀ ਗੱਡੀਆਂ ਰੱਦ ਕਰਨੀਆਂ ਪਈਆਂ। ਇਸ ਤੋਂ ਅਲਾਵਾ ਗਾਜੀਪੁਰ ਬਾਰਡਰ ’ਤੇ ਸਾਬਕਾ ਫ਼ੌਜੀਆਂ ਵਲੋਂ ਰੋਡ ਜਾਮ ਕੀਤਾ ਗਿਆ। ਸਿੰਘੂ ਬਾਰਡਰ ’ਤੇ ਵੀ ਵੱਡੀ ਗਿਣਤੀ ਵਿਚ ਨੌਜਵਾਨ ਡਟੇ ਰਹੇ।
Ldh_Parmod_26_1: ਸੰਯੁਕਤ ਕਿਸਾਨ ਮੋਰਚਾ ਵੱਲੋਂ ਬੰਦ ਦੇ ਦਿੱਤੇ ਗਏ ਸੱਦੇ ਦੌਰਾਨ ਧਰਨੇ ਤੇ ਬੈਠੀਆਂ ਬੀਬੀਆਂ ਦਾ ਠਾਠਾਂ ਮਾਰਦਾ ਇਕੱਠ
Ldh_Parmod_26_2: ਸੰਯੁਕਤ ਕਿਸਾਨ ਮੋਰਚਾ ਵੱਲੋਂ ਬੰਦ ਦੇ ਦਿੱਤੇ ਗਏ ਸੱਦੇ ਦੌਰਾਨ ਧਰਨੇ ਤੇ ਬੈਠੇ ਕਿਸਾਨ ਤੇ ਮਜ਼ਦੂਰ
Ldh_Parmod_26_3: ਸੰਯੁਕਤ ਕਿਸਾਨ ਮੋਰਚਾ ਵੱਲੋਂ ਬੰਦ ਦੇ ਦਿੱਤੇ ਗਏ ਸੱਦੇ ਦੌਰਾਨ ਰੇਲ ਟ੍ਰੈਕ ਰੋਕੀ ਬੈਠੇ ਕਿਸਾਨ-ਮਜ਼ਦੂਰ ਧਰਨਾਕਾਰੀ
Ldh_Parmod_26_4: ਸੰਯੁਕਤ ਕਿਸਾਨ ਮੋਰਚਾ ਵੱਲੋਂ ਬੰਦ ਦੇ ਦਿੱਤੇ ਗਏ ਸੱਦੇ ਦੌਰਾਨ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਕਿਸਾਨਾਂ ਦੇ ਹੱਕ ‘ਚ ਪੋਸਟਰ ਫੜੀ ਬੈਠਾ ਨੌਜਵਾਨ ਤੇ ਚੱਕਾ ਜਾਮ ਦਾ ਦਿ੍ਰਸ਼
Ldh_Parmod_26_5: ਸੰਯੁਕਤ ਕਿਸਾਨ ਮੋਰਚਾ ਵੱਲੋਂ ਬੰਦ ਦੇ ਦਿੱਤੇ ਗਏ ਸੱਦੇ ਦੌਰਾਨ ਬੰਦ ਪਏ ਬਾਜ਼ਾਰ
Ldh_Parmod_26_6: ਸੰਯੁਕਤ ਕਿਸਾਨ ਮੋਰਚਾ ਵੱਲੋਂ ਬੰਦ ਦੇ ਦਿੱਤੇ ਗਏ ਸੱਦੇ ਦੌਰਾਨ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦੇ ਆਂਧਰਾ ਪ੍ਰਦੇਸ਼ ਦੇ ਸੰਘਰਸ਼ੀ ਸੂਰਮੇ
Ldh_Parmod_26_7: ਸੰਯੁਕਤ ਕਿਸਾਨ ਮੋਰਚਾ ਵੱਲੋਂ ਬੰਦ ਦੇ ਦਿੱਤੇ ਗਏ ਸੱਦੇ ਦੌਰਾਨ ਧਰਨੇ ਤੇ ਡਟੇ ਛੋਟੇ ਸਿੰਘ ਸਰਦਾਰ
Ldh_Parmod_26_8: ਸੰਯੁਕਤ ਕਿਸਾਨ ਮੋਰਚਾ ਵੱਲੋਂ ਬੰਦ ਦੇ ਦਿੱਤੇ ਗਏ ਸੱਦੇ ਦੌਰਾਨ ਧਰਨੇ ਦੌਰਾਨ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਟਰੱਕਾਂ ਦੀ ਲੱਗੀਆਂ ਕਤਾਰਾਂ