
ਪਰਗਟ ਸਿੰਘ ਨੇ ਕੀਤਾ ਇਹ ਸਵਾਲ
ਚੰਡੀਗੜ੍ਹ - ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਰੀਬੀ ਸੁੱਚਾ ਸਿੰਘ ਦੀ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਬਤੌਰ ਸੁਪਰਡੈਂਟ ਨਿਯੁਕਤੀ ਨੂੰ ਲੈ ਕੇ ਸਿਆਸੀ ਹੰਗਾਮਾ ਸ਼ੁਰੂ ਹੋ ਗਿਆ ਹੈ। ਇਸ ਨੂੰ ਲੈ ਕੇ ਸਾਬਕਾ ਮੰਤਰੀ ਤੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਟਵੀਟ ਕਰਕੇ ਸਵਾਲ ਖੜ੍ਹੇ ਕੀਤੇ ਹਨ। ਪਰਗਟ ਸਿੰਘ ਨੇ ਇਸ ਸਬੰਧੀ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਤੋਂ ਜਵਾਬ ਮੰਗਿਆ ਹੈ।
ਉਹਨਾਂ ਨੇ ਅਪਣੇ ਟਵੀਟ ਵਿਚ ਲਿਖਿਆ ਕਿ ''ਕੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਇਹ ਦੱਸਣਗੇ? ਕਿ ਸੁਖਬੀਰ ਦੇ ਕਰੀਬੀ ਸੁੱਚਾ ਸਿੰਘ ਨੂੰ ਸੁਪਰਡੈਂਟ ਕਿਉਂ ਨਿਯੁਕਤ ਕੀਤਾ ਗਿਆ, ਖ਼ਾਸ ਕਰਕੇ ਪਟਿਆਲਾ ਜੇਲ੍ਹ, ਜਿੱਥੇ ਮਜੀਠੀਆ ਬੰਦ ਹੈ। ਇਹ ਬਾਦਲਾਂ ਨਾਲ ਕੁਝ ਮਿਲੀਭੁਗਤ ਹੈ। ਕੀ ਇਹ ਉਹੀ ਤਬਦੀਲੀ ਹੈ ਜੋ ਪੰਜਾਬ ਚਾਹੁੰਦਾ ਸੀ?
ਇਸ ਦੇ ਨਾਲ ਹੀ ਪੰਜਾਬ ਯੂਥ ਕਾਂਗਰਸ ਵੱਲੋਂ ਵੀ ਟਵੀਟ ਕੀਤਾ ਗਿਆ ਅਤੇ ਸਵਾਲ ਚੁੱਕੇ ਗਏ। ਉਹਨਾਂ ਨੇ ਟਵੀਟ ਕਰ ਕੇ ਲਿਖਿਆ ਕਿ ''ਇਹ ਇੱਕ ਦੂਜੇ ਦੀ ਮਦਦ ਕਰਨ ਲਈ ਇੱਕ ਗੁਪਤ ਸਮਝੌਤਾ ਹੈ। ਅਕਾਲੀ ਦਲ ਪ੍ਰਤੀ ਨਰਮ ਰਵੱਈਏ ਦੀ ਇਹ ਕੈਪਟਨ ਅਮਰਿੰਦਰ ਸਿੰਘ ਵਾਲੀ ਰਾਜਨੀਤੀ ਹੈ। ਜੇਕਰ ਭਗਵੰਤ ਮਾਨ ਇਸ ਤਬਾਦਲੇ 'ਤੇ ਚੁੱਪ ਰਹੇ ਤਾਂ ਪੰਜਾਬ ਦੇ ਸਾਹਮਣੇ ਭਗਵੰਤ ਮਾਨ ਅਤੇ ਸੁਖਬੀਰ ਬਾਦਲ ਦੀ ਦੋਸਤੀ ਸਪੱਸ਼ਟ ਹੋ ਜਾਵੇਗੀ।''
ਜ਼ਿਕਰਯੋਗ ਹੈ ਕਿ ਇਹ ਵਿਵਾਦ ਇਸ ਲਈ ਹੋ ਰਿਹਾ ਹੈ ਕਿਉਂਕਿ ਕਾਂਗਰਸ ਸਰਕਾਰ ਦੌਰਾਨ ਅਕਾਲੀ ਆਗੂ ਬਿਕਰਮ ਮਜੀਠੀਆ 'ਤੇ ਨਸ਼ਿਆਂ ਦਾ ਮਾਮਲਾ ਦਰਜ ਹੋਇਆ ਸੀ। ਉਦੋਂ ਤੋਂ ਮਜੀਠੀਆ ਨੂੰ ਹੇਠਲੀ ਅਦਾਲਤ ਤੋਂ ਸੁਪਰੀਮ ਕੋਰਟ ਤੱਕ ਜ਼ਮਾਨਤ ਨਹੀਂ ਮਿਲੀ। ਮਜੀਠੀਆ ਪਟਿਆਲਾ ਕੇਂਦਰੀ ਜੇਲ੍ਹ ਵਿਚ ਬੰਦ ਹੈ। ਦੋ ਦਿਨ ਪਹਿਲਾਂ ‘ਆਪ’ ਸਰਕਾਰ ਦੇ ਮੰਤਰੀ ਹਰਜੋਤ ਬੈਂਸ ਨੇ ਜੇਲ੍ਹ ਦਾ ਦੌਰਾ ਕਰਕੇ ਜੇਲ੍ਹ ਸੁਪਰਡੈਂਟ ਦਾ ਤਬਾਦਲਾ ਕਰਵਾ ਦਿੱਤਾ। ਉਦੋਂ ਕਿਹਾ ਗਿਆ ਸੀ ਕਿ ਮਜੀਠੀਆ ਦਾ ਤਬਾਦਲਾ ਵੀਆਈਪੀ ਟ੍ਰੀਟਮੈਂਟ ਕਾਰਨ ਹੋਇਆ ਹੈ। ਹਾਲਾਂਕਿ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਬਾਦਲ ਪਰਿਵਾਰ ਦੇ ਕਰੀਬੀ ਜੇਲ੍ਹਰ ਨੂੰ ਉੱਥੇ ਕਿਉਂ ਤਾਇਨਾਤ ਕੀਤਾ ਗਿਆ।