
ਸੰਤ ਬਲਬੀਰ ਸਿੰਘ ਸੀਚੇਵਾਲ ਬਾਰੇ ਕੀਤੀ ਸੀ ਟਿੱਪਣੀ
Punjab Assembly passes censure resolution against Partap Singh Bajwa: ਅੱਜ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਨਿੰਦਾ ਮਤਾ ਪਾਸ ਕੀਤਾ ਗਿਆ। ਕਾਰਨ ਇਹ ਰਿਹਾ ਕਿ ਬੀਤੇ ਦਿਨ (26 ਮਾਰਚ) ਬਜਟ ਪੇਸ਼ ਹੋਣ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਪਦਮਸ਼੍ਰੀ ਅਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਪੰਜਾਬ ਦੇ ਟੋਭਿਆਂ ਦੀ ਹਾਲਤ ਸੁਧਾਰਨ ਲਈ ਸੀਚੇਵਾਲ ਮਾਡਲ ਕਿਉਂ ਥਾਪਰ ਮਾਡਲ ਜਾਂ PEC ਰਾਹੀਂ ਨਵੀਂ ਤਕਨੀਕ ਵਰਤਣੀ ਚਾਹੀਦੀ ਹੈ। ਉਨ੍ਹਾਂ ਕਿਹਾ ਸੀ ਕਿ ਸੀਚੇਵਾਲ ਕੋਈ ਇੰਜੀਨੀਅਰ ਨਹੀਂ ਹਨ।
ਬਾਜਵਾ ਦੇ ਬਿਆਨ ਤੋਂ ਬਾਅਦ ਸਦਨ ਵਿਚ ਗਰਮਾਹਟ ਆ ਗਈ। ਉਨ੍ਹਾਂ ਨਾਲ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਉਲਝ ਗਏ।
ਅੱਜ ਜਿਵੇਂ ਹੀ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਤਾਂ ਆਮ ਆਦਮੀ ਪਾਰਟੀ ਦੀ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਮੁੱਦਾ ਚੁੱਕਿਆ ਤੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੀ ਵਿਧਾਨ ਸਭਾ ਵਿਚ ਹਾਜ਼ਰੀ ਤੇ ਬੋਲਣ ਉੱਤੇ ਇਤਰਾਜ਼ ਹੈ। ਇਸ ਲਈ ਉਹ ਸੰਤ ਸੀਚੇਵਾਲ ਖ਼ਿਲਾਫ਼ ਜੋ ਵੀ ਬੋਲੇ ਉਸ ਲਈ ਉਨ੍ਹਾਂ ਨੂੰ ਸਦਨ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇੰਦਰਜੀਤ ਕੌਰ ਮਾਨ ਦੇ ਬਿਆਨ ਤੋਂ ਬਾਅਦ ਪ੍ਰਤਾਪ ਬਾਜਵਾ ਨੇ ਕਿਹਾ ਕਿ ਉਹ ਆਪਣੇ ਬਿਆਨ ਉੱਤੇ ਕਾਇਮ ਹਨ ਤੇ ਉਨ੍ਹਾਂ ਦੇ ਕਹਿਣ ਉੱਤੇ ਮੁਆਫ਼ੀ ਨਹੀਂ ਮੰਗਣਗੇ। ਇਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਇਸ ਬਹਿਸ ਵਿਚ ਕੁੱਦ ਪਏ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਸ਼ਬਦਾਂ ਨਾਲ ਉਨ੍ਹਾਂ ਦੇ ਦਿਲ ਨੂੰ ਠੇਸ ਪਹੁੰਚੀ ਹੈ ਕਿਉਂਕਿ ਸੰਤ ਸੀਚੇਵਾਲ ਕਿਸੇ ਇੱਕ ਪਾਰਟੀ ਦੇ ਨੁਮਾਇੰਦੇ ਨਹੀਂ ਹਨ। ਉਨ੍ਹਾਂ ਨੂੰ ਇਸੇ ਸਦਨ ਨੇ ਚੁਣ ਕੇ ਰਾਜ ਸਭਾ ਵਿਚ ਭੇਜਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਤ ਸੀਚੇਵਾਲ ਨੂੰ ਦੇਸ਼ ਦਾ ਸਰਬਉੱਚ ਐਵਾਰਡ ਮਿਲਿਆ ਹੋਇਆ ਹੈ ਇੱਥੋ ਤਕ ਦੇਸ਼ ਦੇ ਸਾਬਕਾ ਰਾਸ਼ਟਰਪਤੀ ਏਪੀਜੀ ਅਬਦੁਲ ਕਲਾਮ ਤੇ ਐਨਜੀਟੀ ਦੇ ਮੁਖੀ ਨੇ ਵੀ ਉਨ੍ਹਾਂ ਦੇ ਕੰਮ ਨੂੰ ਸਲਾਹਿਆ ਹੈ।
ਪਰ ਦੁਖ ਦੀ ਗੱਲ ਹੈ ਕਿ ਪੰਜਾਬ ਦੀ ਵਿਧਾਨ ਸਭਾ ਵਿਚ ਇੱਕ ਮੈਂਬਰ ਵਲੋਂ ਉਨ੍ਹਾਂ ਖ਼ਿਲਾਫ਼ ਅਪਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਇਸ ਲਈ ਜਾਂ ਤਾਂ ਪ੍ਰਤਾਪ ਸਿੰਘ ਬਾਜਵਾ ਮੁਆਫ਼ੀ ਮੰਗਣ ਜਾਂ ਉਨ੍ਹਾਂ ਵਿਰੁਧ ਨਿੰਦਾ ਪ੍ਰਸਤਾਵ ਲਿਆਂਦਾ ਜਾਵੇ।
ਸਦਨ ਨੇ ਸਹਿਮਤੀ ਦਿਖਾਉਂਦਿਆ ਬਾਜਵਾ ਖ਼ਿਲਾਫ਼ ਹਰਜੋਤ ਸਿੰਘ ਬੈਂਸ ਵਲੋਂ ਪੇਸ਼ ਕੀਤਾ ਨਿੰਦਾ ਪ੍ਰਸਤਾਵ ਮਨਜ਼ੂਰ ਕਰ ਲਿਆ ਤੇ ਉਸ ਤੋਂ ਉਸ ਨੂੰ ਬਹੁਮਤ ਨਾਲ ਪਾਸ ਕਰ ਦਿੱਤਾ।