
ਫੜੇ ਗਏ ਨੌਜੁਆਨਾਂ ’ਤੇ ਪਹਿਲਾਂ ਵੀ ਦਰਜ ਹਨ ਨਸ਼ਾ ਤਸਕਰੀ ਦੇ ਮਾਮਲੇ
Punjab News: ਸਮਰਾਲਾ ਪੁਲਿਸ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ-ਨਸ਼ਿਆ ਵਿਰੁਧ’ ਨੂੰ ਵੱਡੀ ਸਫ਼ਲਤਾ ਮਿਲਦਿਆਂ ਅੱਜ ਪੁਲਿਸ ਵਲੋਂ ਇਕ ਪਤੀ/ਪਤਨੀ ਅਤੇ ਇਨ੍ਹਾਂ ਨੂੰ ਨਸ਼ਾ ਸਪਲਾਈ ਕਰਨ ਵਾਲੇ ਸਪਲਾਇਰ ਨੂੰ ਕਾਬੂ ਕਰ ਕੇ ਇਨ੍ਹਾਂ ਤੋਂ 19 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਤਸਕਰਾਂ ਉੱਤੇ ਐਨ.ਡੀ.ਪੀ.ਐਸ. ਅਧੀਨ ਕੇਸ ਦਰਜ ਕੀਤਾ ਹੈ।
ਕੇਸ ਵਿਚ ਨਾਮਜ਼ਦ ਵਿਅਕਤੀਆਂ ਦੀ ਪਹਿਚਾਣ ਸਿਮਰਨਜੀਤ ਸਿੰਘ ਪੁੱਤਰ ਹਰਕੀਮਤ ਸਿੰਘ ਤੇ ਪਰਦੀਪ ਕੌਰ ਪਤਨੀ ਸਿਮਰਨਜੀਤ ਸਿੰਘ ਵਾਸੀਆਨ ਪਿੰਡ ਹਰਿਉਂ ਖੁਰਦ ਅਤੇ ਨਸ਼ਾ ਸਪਲਾਈ ਕਰਨ ਵਾਲੇ ਵਰਿੰਦਰ ਸਿੰਘ ਉਰਫ਼ ਬਿੰਦੂ ਵਾਸੀ ਸਮਰਾਲਾ ਵਜੋਂ ਹੋਈ ਹੈ।
ਥਾਣਾ ਸਮਰਾਲਾ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਡੀ.ਐਸ.ਪੀ. ਤਰਲੋਚਨ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਸਿਮਰਨਜੀਤ ਸਿੰਘ ਅਤੇ ਉਸ ਦੀ ਪਤਨੀ ਪਰਦੀਪ ਕੌਰ ਨਸ਼ਾ ਵੇਚਣ ਦਾ ਕੰਮ ਕਰਦੇ ਹਨ, ਜਦੋਂ ਇਨ੍ਹਾਂ ਦੀ ਪਿੰਡ ਜਾ ਕੇ ਤਲਾਸ਼ੀ ਲਈ ਤਾਂ ਦੋਨਾਂ ਕੋਲੋਂ 7 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਜਿਨ੍ਹਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਗਿਆ।
ਉੱਚ ਅਧਿਕਾਰੀ ਨੇ ਦਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਨ੍ਹਾਂ ਨੇ ਮੰਨਿਆ ਕਿ ਉਹ ਇਹ ਨਸ਼ਾ ਵਰਿੰਦਰ ਸਿੰਘ ਉਰਫ ਬਿੰਦੂ ਤੋਂ ਲੈ ਕੇ ਆਉਂਦੇ ਸਨ, ਪੁਲਿਸ ਪਾਰਟੀ ਵਲੋਂ ਬਿੰਦੂ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਵੀ 12 ਗਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਨ੍ਹਾਂ ਨੂੰ ਗਿ੍ਰਫਤਾਰ ਕਰਕੇ ਅੱਜ ਜੁਡੀਸ਼ਲੀ ਅਦਾਲਤ ਵਿਚ ਪੇਸ ਕੀਤਾ ਗਿਆ, ਜਿਥੋਂ ਅਦਾਲਤ ਵਲੋਂ ਇਨ੍ਹਾਂ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ।
ਉਪ ਪੁਲਿਸ ਕਪਤਾਨ ਨੇ ਦਸਿਆ ਕਿ ਸਿਮਰਨਜੀਤ ਸਿੰਘ ਅਤੇ ਵਰਿੰਦਰ ਸਿੰਘ ਉਰਫ਼ ਬਿੰਦੂ ’ਤੇ ਪਹਿਲਾਂ ਵੀ ਐਨ.ਡੀ.ਪੀ.ਸੀ. ਐਕਟ ਅਧੀਨ ਕੇਸ ਦਰਜ ਹਨ, ਜਿਹੜੇ ਕਿ ਜਮਾਨਤ ’ਤੇ ਚਲ ਰਹੇ ਸਨ। ਪੁਲਿਸ ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਵਿਚੋਂ ਵਰਿੰਦਰ ਸਿੰਘ ਉਰਫ਼ ਬਿੰਦੂ ਸਕੂਲਾਂ ਦੇ ਬੈਗ ਬਣਾਉਣ ਦਾ ਕੰਮ ਕਰਦਾ ਹੈ,ਜਦ ਕਿ ਸਿਮਰਨਜੀਤ ਸਿੰਘ ਨਸ਼ਾ ਤਸਕਰੀ ਲਈ ਆਪਣੀ ਪਤਨੀ ਦੀ ਮਦਦ ਲੈਂਦਾ ਸੀ ਤਾਂ ਕਿ ਕੋਈ ਵਿਅਕਤੀ ਇਨ੍ਹਾਂ ’ਤੇ ਸ਼ੱਕ ਨਾ ਕਰੇ।