
ਪ੍ਰਧਾਨ ਮੰਤਰੀ ਨੂੰ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਨੇ
ਅੰਮ੍ਰਿਤਸਰ, 26 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ): ਪਿਛਲੇ ਸਮੇਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਹਿਮ ਧਾਰਮਿਕ ਸਥਾਨਾਂ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਜੋੜਨ ਲਈ ਦਿੱਲੀ-ਅੰਮ੍ਰਿਤਸਰ-ਕਟੜਾ ਹਾਈ ਸਪੀਡ ਐਕਸਪ੍ਰੈਸ-ਵੇਅ ਬਣਾਉਣ ਦਾ ਐਲਾਣ ਕੀਤਾ ਸੀ ਜਿਸ ਦੀ ਰੂਪਰੇਖਾ ਵਿੱਚ ਸਿੱਖਾਂ ਦੀ ਧਾਰਮਿਕ ਰਾਜਧਾਨੀ ਵਜੋਂ ਜਾਣੇ ਜਾਂਦੇ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲਿਆਂ ਦੀ ਅਣਦੇਖੀ ਕੀਤੀ ਗਈ ਜਾ ਰਹੀ ਜਿਸ ਨੂੰ ਲੈ ਕੇ ਲੋਕ ਸਭਾ ਮੈਬਰ ਗੁਰਜੀਤ ਸਿੰਘ ਔੌਜਲਾ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਅੰਮ੍ਰਿਤਸਰ ਵਾਸੀਆਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਅਪੀਲ ਕੀਤੀ।
File photo
ਅੰਮ੍ਰਿਤਸਰ ਤੇ ਕਟੜਾ ਦੇ ਸੈਰ ਸਪਾਟਾ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਦਿੱਲੀ-ਅੰਮ੍ਰਿਤਸਰ-ਕਟੜਾ ਹਾਈ ਸਪੀਡ ਐਕਸਪ੍ਰੈਸ ਵੇਅ ਬਣਾਉਣ ਦਾ ਪ੍ਰਸਤਾਵ ਦਿਤਾ ਗਿਆ ਸੀ ਕਿਉਂਕਿ ਦੋਹਾਂ ਧਾਰਮਿਕ ਸਥਾਨਾਂ ਤੇ ਹਰ ਸਾਲ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਤੇ ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ਵਿਖੇ ਨਤਮਸਤਕ ਹੁੰਦੀਆਂ ਹਨ। ਪਰ ਇਸ ਪ੍ਰੋਜੈਕਟ ਦੀ ਰੂਪਰੇਖਾ ਵਿੱਚ ਪੰਜਾਬ ਅੰਦਰ ਪੈਂਦੇ 135+056 ਕਿਲੋਮੀਟਰ ਤੋਂ 396+863 ਕਿਲੋਮੀਟਰ ਤੱਕ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹੇ ਦੀ ਪੂਰੀ ਤਰਾਂ ਅਣਦੇਖੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਦੀ ਰੂਪਰੇਖਾ ਅਨੁਸਾਰ ਇਹ ਹਾਈਵੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਗਾਲੀਲੀ ਤੋਂ ਸ਼ੁਰੂ ਹੁੰਦਾ ਹੈ ਜੋ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਕਪੂਰਥਲਾ, ਗੁਰਦਾਸਪੁਰ ਤੋਂ ਹੁੰਦਾ ਹੋਇਆ ਪਠਾਨਕੋਟ ਤੱਕ ਜਾਂਦਾ ਹੈ ਜਿਸ ਵਿਚੋਂ ਤਜਵੀਜ ਅਨੁਸਾਰ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲਿਆਂ ਨੂੰ ਅਣਦੇਖਾ ਕੀਤਾ ਗਿਆ ਹੈ। ਤਜਵੀਜ ਅਨੁਸਾਰ ਗੁਰਦਾਸਪੁਰ ਦੇ ਕਾਦੀਆਂ, ਕਪੂਰਥਲਾ ਦੇ ਭੁਲੱਥ, ਜਲੰਧਰ ਦੇ ਨਕੋਦਰ, ਲੁਧਿਆਣਾ ਦੇ ਫਿਲੌਰ ਤੋਂ ਅੱਗੇ ਵਧਦਿਆਂ ਲੁਧਿਆਣਾ ਤੇ ਮੋਗਾ ਨੂੰ ਪਹੁੰਚ ਦਿੰਦਿਆਂ, ਸੰਗਰੂਰ ਦੇ ਮਲੇਰਕੋਟਲਾ ਤੇ ਧੂਰੀ, ਪਟਿਆਲਾ ਦੇ ਪਾਤੜਾਂ ਨੂੰ ਪਹੁੰਚ ਦਿੰਦਾ ਹੈ।