
ਨੇੜਲੇ ਪਿੰਡ ਸੰਘਰੇੜੀ ਦੇ ਦੋ ਨੌਜਵਾਨ ਵਿਅਕਤੀਆਂ ਵਲੋਂ ਨਸ਼ਾ ਨਾ ਮਿਲਣ ਅਤੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲੈਣ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।
ਭਵਾਨੀਗੜ੍ਹ, 26 ਅਪ੍ਰੈਲ (ਗੁਰਪ੍ਰੀਤ ਸਿੰਘ ਸਕਰੌਦੀ) : ਨੇੜਲੇ ਪਿੰਡ ਸੰਘਰੇੜੀ ਦੇ ਦੋ ਨੌਜਵਾਨ ਵਿਅਕਤੀਆਂ ਵਲੋਂ ਨਸ਼ਾ ਨਾ ਮਿਲਣ ਅਤੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲੈਣ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਪੁਲਿਸ ਚੌਕੀ ਘਰਾਚੋਂ ਦੇ ਇੰਚਾਰਜ ਰਾਜਵੰਤ ਕੁਮਾਰ ਨੇ ਦਸਿਆ ਕਿ ਰੋਹੀ ਸਿੰਘ ਵਾਸੀ ਸੰਘਰੇੜੀ ਨੇ ਪੁਲੀਸ ਕੋਲ ਲਿਖਤੀ ਬਿਆਨ ਲਿਖਵਾਏ ਕਿ ਉਸ ਦਾ ਪੁੱਤਰ ਅਮਨਦੀਪ ਸਿੰਘ ਲਾਕਡਾਊਨ ਦੌਰਾਨ ਨਸ਼ਾ ਨਾ ਮਿਲਣ ਕਾਰਨ ਕੋਈ ਜ਼ਹਿਰੀਲੀ ਚੀਜ਼ ਨਿਗਲ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।
ਪੁਲੀਸ ਨੇ ਉਕਤ ਬਿਆਨ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕਰਨ ਉਪਰੰਤ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਕੇ ਅੱਜ ਲਾਸ਼ ਵਾਰਸ਼ਾਂ ਦੇ ਹਵਾਲੇ ਕਰ ਦਿਤੀ। ਇਸ ਤੋਂ ਇਲਾਵਾ ਨਿਰਮਲ ਸਿੰਘ ਵਾਸੀ ਪਿੰਡ ਸੰਘਰੇੜੀ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਉਸ ਦਾ ਪਰਵਾਰ ਆਮ ਕਿਸਾਨੀ ਨਾਲ ਸਬੰਧਤ ਹੋਣ ਕਾਰਨ ਪਰਵਾਰ ਉੱਤੇ ਕਰਜ਼ਾ ਚੜ੍ਹਿਆ ਹੋਇਆ ਸੀ।
File photo
ਉਸ ਦਾ ਪੁੱਤਰ ਨਵਦੀਪ ਸਿੰਘ (20) ਪਰਵਾਰ ਉਤੇ ਕਰਜ਼ਾ ਚੜ੍ਹਨ ਅਤੇ ਸਰੀਰਕ ਬੀਮਾਰੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਅੱਜ ਬਾਅਦ ਦੁਪਹਿਰ ਘਰ ਵਿਚ ਹੀ ਚੁਬਾਰੇ ਦੇ ਪੱਖੇ ਦੀ ਹੁੱਕ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਚੌਕੀ ਘਰਾਚੋਂ ਦੇ ਇੰਚਾਰਜ ਰਾਜਵੰਤ ਕੁਮਾਰ ਨੇ ਉਕਤ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ।