
24 ਘੰਟਿਆਂ ਦੌਰਾਨ ਆਏ 14 ਨਵੇਂ ਕੇਸ, ਕੁੱਲ ਕੇਸਾਂ 'ਚ 84 ਮਰੀਜ਼ ਠੀਕ ਵੀ ਹੋਏ
ਚੰਡੀਗੜ੍ਹ, 26 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਪੰਜਾਬ 'ਚ ਅੱਜ ਇਕ ਹੀ ਦਿਨ ਵਿਚ ਇਕੱਲੇ ਜਲੰਧਰ ਵਿਚੋਂ 9 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। 24 ਘੰਟੇ ਦੇ ਸਮੇਂ ਦੌਰਾਨ 14 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿਚ ਜ਼ਿਲ੍ਹਾ ਜਲੰਧਰ ਦੇ 12 ਕੇਸ ਹਨ। ਇਕ ਕੇਸ ਲੁਧਿਆਣਾ ਅਤੇ 1 ਨਵਾਂ ਸ਼ਹਿਰ ਜ਼ਿਲ੍ਹੇ ਨਾਲ ਸਬੰਧਤ ਹੈ। ਇਸ ਤਰ੍ਹਾਂ ਸੂਬੇ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 322 ਤੱਕ ਪਹੁੰਚ ਗਈ ਹੈ।
File photo
ਅੱਜ 12 ਹੋਰ ਕੋਰੋਨਾ ਮਰੀਜ਼ ਠੀਕ ਹੋਏ ਹਨ ਅਤੇ ਇਸ ਤਰ੍ਹਾਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 84 ਹੋ ਗਈ ਹੈ। ਮੋਹਾਲੀ ਜ਼ਿਲ੍ਹੇ ਲਈ ਰਾਹਤ ਵਾਲੀ ਖ਼ਬਰ ਹੈ, ਜਿਥੇ 8 ਮਰੀਜ਼ ਠੀਕ ਹੋਏ ਹਨ। ਹੁਣ ਜ਼ਿਲ੍ਹਾ ਜਲੰਧਰ ਵਿਚ ਸੱਭ ਤੋਂ ਵੱਧ 78 ਪਾਜ਼ੇਟਿਵ ਕੇਸ ਹਨ। ਇਸ ਤੋਂ ਬਾਅਦ ਮੋਹਾਲੀ ਵਿਚ 63 ਅਤੇ ਜ਼ਿਲ੍ਹਾ ਪਟਿਆਲਾ ਵਿਚ 61 ਪਾਜ਼ੇਟਿਵ ਕੇਸ ਹਨ।
ਅੱਜ ਤੱਕ ਕੁੱਲ 14317 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਜਿਨ੍ਹਾਂ ਵਿਚੋਂ 10497 ਦੀਆਂ ਰੀਪੋਰਟਾਂ ਨੈਗੇਟਿਵ ਆਈਆਂ ਹਨ ਅਤੇ 3507 ਦੀ ਰੀਪੋਰਟ ਹਾਲੇ ਆਉਣੀ ਬਾਕੀ ਹੈ। ਇਸ ਸਮੇਂ ਹਸਪਤਾਲਾਂ ਵਿਚ ਦਾਖ਼ਲ ਕੁੱਲ ਪਾਜ਼ੇਟਿਵ ਕੋਰੋਨਾ ਕੇਸਾਂ ਵਿਚ 2 ਮਰੀਜ਼ ਵੈਂਟੀਲੇਟਰ ਉਤੇ ਹਨ, ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੂਬੇ ਵਿਚ ਅੱਜ ਤੱਕ 18 ਮੌਤਾਂ ਹੋਈਆਂ ਹਨ।