
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਪਤੀ ਨੇ ਫਰੋਲੇ ਸਰਕਾਰ ਦੇ ਪੋਤੜੇ
'ਲੋਕ ਪੁਛ ਰਹੇ ਹਨ ਕਿ ਸਾਲ ਭਰ 'ਚ ਕੋਰੋਨਾ ਨਾਲ ਲੜਨ ਲਈ ਕੀ ਤਿਆਰੀ ਕੀਤੀ'
.
ਨਵੀਂ ਦਿੱਲੀ, 26 ਅਪ੍ਰੈਲ : ਅੱਜ ਕੋਰੋਨਾ ਕਾਰਨ ਪੂਰੇ ਵਿਸ਼ਵ ਵਿਚ ਹਾਹਾਕਾਰ ਮਚੀ ਹੋਈ ਹੈ ਪਰ ਦੁਨੀਆਂ ਭਰ ਵਿਚ ਕੋਰੋਨਾ ਮਾਮਲਿਆਂ ਦੀ ਰਫ਼ਤਾਰ ਹੁਣ ਭਾਰਤ ਵਿਚ ਸੱਭ ਤੋਂ ਜ਼ਿਆਦਾ ਤੇਜ਼ ਹੈ | ਹਰ ਰੋਜ਼ ਮੌਤਾਂ ਤਾਂ ਹੋ ਹੀ ਰਹੀਆਂ ਹਨ ਪਰ ਸਹੂਲਤਾਂ ਨਾ ਮਿਲਣ ਕਾਰਨ ਲੋਕ ਬੇਹਾਲ ਹਨ | ਜਨਤਾ ਸਰਕਾਰ ਤੋਂ ਪੁਛ ਰਹੀ ਹੈ ਕਿ ਸਾਲ ਭਰ ਵਿਚ ਤੁਸੀਂ ਇਸ ਵਾਸਤੇ ਕੀ ਕਦਮ ਚੁੱਕੇ | ਇਸ ਮਾਮਲੇ 'ਤੇ ਹੁਣ ਮਸ਼ਹੂਰ ਅਰਥ ਸਾਸ਼ਤਰੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਪਤੀ ਪਰਕਲਾ ਪ੍ਰਭਾਕਰ ਨੇ ਵੀ ਸਰਕਾਰ ਨੂੰ ਕਟਹਿਰੇ ਵਿਚ ਖੜਾ ਕੀਤਾ ਹੈ | ਅਪਣੇ ਯੂ-ਟਿਊਬ ਚੈਨਲ ਮਿਡਵੀਕ ਮੈਟਰਜ਼ 'ਤੇ ਉਨ੍ਹਾਂ ਬੜੀ ਹੀ ਬੇਬਾਕੀ ਨਾਲ ਸਰਕਾਰ ਦੇ ਪੋਤੜੇ ਫਰੋਲੇ ਹਨ |
ਪ੍ਰਭਾਕਰ ਕਹਿੰਦੇ ਹਨ ਕਿ ਅਸੀ ਦੇਸ਼ ਵਿਚ ਕੋਰੋਨਾ ਲਾਗ ਨੂੰ ਦੁਨੀਆਂ ਵਿਚ ਸੱਭ ਤੋਂ ਤੇਜ਼ੀ ਨਾਲ ਵਧਦੇ ਹੋਏ ਦੇਖ ਰਹੇ ਹਾਂ, ਮੌਤਾਂ ਅਸਮਾਨ ਛੂਹ ਰਹੀਆਂ ਹਨ | ਦੇਸ਼ ਵਿਚ ਇਕ ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਪੀੜਤ ਹੋ ਚੁੱਕੇ ਹਨ | ਇਸ ਵੇਲੇ ਭਾਰਤ ਅੰਦਰ ਹੈਲਥ ਐਮਰਜੈਂਸੀ ਹੈ | ਇਹ ਸੰਕਟ ਦਸਦਾ ਹੈ ਕਿ ਕੇਂਦਰ ਸਰਕਾਰ ਇਸ ਬੀਮਾਰੀ ਪ੍ਰਤੀ ਕਿੰਨੀ ਕੁ ਗੰਭੀਰ ਹੈ ਤੇ ਉਸ ਨੇ ਕੀ ਤਿਆਰੀ ਕੀਤੀ | ਪ੍ਰਭਾਕਰ ਕਹਿੰਦੇ ਹਨ ਕਿ ਅਪਣਿਆਂ ਦੀ ਮੌਤ ਬੜੀ
ਦੁਖਦਾਈ ਹੁੰਦੀ ਹੈ ਅਤੇ ਦੂਸਰਿਆਂ ਦੀਆਂ ਮੌਤਾਂ ਗਿਣਤੀ ਅੰਕੜਾ ਹੋ ਸਕਦੀ ਹੈ ਤੇ ਜਦੋਂ ਕੋਈ ਅਪਣਾ ਮਰਦਾ ਹੈ ਤਾਂ ਸਮਝ ਆਉਂਦੀ ਹੈ ਕਿ ਮੌਤ ਕੀ ਹੁੰਦੀ ਹੈ | ਇਸ ਦਾ ਮਤਲਬ ਇਹ ਹੋਇਆ ਕਿ ਇਨ੍ਹਾਂ ਆਗੂਆਂ ਦਾ ਅਪਣਾ ਕੋਈ ਕੋਰੋਨਾ ਦੀ ਬਲੀ ਨਹੀਂ ਚੜਿਆ |
ਪ੍ਰਭਾਕਰ ਬੀਤੇ ਬਾਰੇ ਗੱਲ ਕਰਦੇ ਕਹਿੰਦੇ ਹਨ ਕਿ ਮੈਂ ਜਾਣਦਾ ਹਾਂ ਕਿ ਸੰਨ 1981 ਤਕ ਮੇਰੇ ਲਈ ਅਜਿਹੀਆਂ ਮੌਤਾਂ ਦਾ ਕੋਈ ਮਤਲਬ ਨਹੀਂ ਸੀ | ਇਹ ਸਿਰਫ਼ ਸੂਚਨਾਵਾਂ ਹੀ ਹੁੰਦੀਆਂ ਸਨ | ਜਦੋਂ ਇਸ ਸਾਲ ਮੈਂ ਅਪਣੇ ਪਿਤਾ ਨੂੰ ਖੋਇਆ ਤਾਂ ਪਤਾ ਲੱਗਾ ਕਿ ਮੌਤ ਕਿੰਨੀ ਦੁਖਦਾਈ ਹੁੰਦੀ ਹੈ | ਗੁਜ਼ਰੇ ਇਕ ਸਾਲ ਵਿਚ ਕੋਰੋਨਾ ਨੇ ਮੇਰੇ ਕਈ ਦੋਸਤਾਂ ਨੂੰ ਖੋਹ ਲਿਆ ਹੈ | ਮੈਂ ਜਾਣਦਾ ਹਾਂ ਕਿ ਉਨ੍ਹਾਂ ਦੇ ਪਰਵਾਰ, ਪਤਨੀ, ਪਤੀ, ਬੱਚੇ, ਮਿੱਤਰ ਅਤੇ ਸਾਥੀਆਂ 'ਤੇ ਕੀ ਗੁਜ਼ਰ ਰਹੀ ਹੋਵੇਗੀ | ਉਹ ਕਹਿੰਦੇ ਹਨ ਕਿ ਇਕ ਤਾਂ ਬੰਦਾ ਚਲਾ ਜਾਂਦਾ ਹੈ ਤੇ ਦੂਜੀ ਉਸ ਦੀ ਸਾਰੀ ਉਮਰ ਦੀ ਕਮਾਈ ਹਸਪਤਾਲਾਂ 'ਚ ਲੱਗ ਜਾਂਦੀ ਹੈ ਪਰ ਸਰਕਾਰ ਹੱਥ 'ਤੇ ਹੱਥ ਧਰ ਕੇ ਬੈਠੀ ਹੈ | ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਬਿਪਤਾ ਦੀ ਘੜੀ ਵਿਚ ਹਸਪਤਾਲ ਦਾਦਾਗਿਰੀ ਵੀ ਕਰਦੇ ਹਨ |
ਪ੍ਰਭਾਕਰ ਕਹਿੰਦੇ ਹਨ ਕਿ ਪੀੜਤਾਂ ਅਤੇ ਮੌਤਾਂ ਦਾ ਅੰਕੜਾ ਦੱਸਣ ਬਾਰੇ ਵੀ ਸਰਕਾਰ ਝੂਠ ਬੋਲ ਰਹੀ ਹੈ | ਉਨ੍ਹਾਂ ਦਸਿਆ ਕਿ ਭਾਜਪਾ ਸੱਤਾ ਵਾਲੇ ਸੂਬਿਆਂ ਦੇ ਮੁੱਖ ਮੰਤਰੀ ਜਾਣ ਬੁੱਝ ਕੇ ਘੱਟ ਅੰਕੜੇ ਦੱਸ ਰਹੇ ਹਨ | ਉਨ੍ਹਾਂ ਯੂ.ਪੀ ਦੇ ਸਹਾਰਨਪੁਰ ਦੇ ਤਸਵੀਰ ਦਿਖਾਉਂਦਿਆਂ ਕਿਹਾ ਕਿ ਕਹਿ ਰਹੇ ਕਿ 10 ਮੌਤਾਂ ਹੋਈਆਂ ਹਨ ਪਰ ਸ਼ਮਸ਼ਾਨ ਘਾਟ ਵਿਚ 200 ਤੋਂ 250 ਲਾਸ਼ਾਂ ਆ ਰਹੀਆਂ ਹਨ | ਇਸ ਵੇਲੇ ਡਾਕਟਰਾਂ 'ਤੇ ਇੰਨਾ ਦਬਾਅ ਹੈ ਕਿ ਉਹ ਦੇਸ਼ ਛੱਡ ਕੇ ਭੱਜਣ ਨੂੰ ਤਿਆਰ ਹਨ ਪਰ ਸਰਕਾਰ ਤੇ ਉਸ ਦੇ ਮੰਤਰੀ ਮੌਜ ਨਾਲ ਘਰਾਂ ਅੰਦਰ ਬੈਠੇ ਹਨ |
ਪ੍ਰਭਾਕਰ ਨੇ ਸਿਆਸੀ ਤੇ ਧਾਰਮਕ ਆਗੂਆਂ 'ਤੇ ਵਰ੍ਹਦੇ ਹੋਏ ਕਿਹਾ ਕਿ ਇਨ੍ਹਾਂ ਲੋਕਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ | ਹਸਪਤਾਲਾਂ ਅੱਗੇ ਲਾਈਨਾਂ ਲੱਗੀਆਂ ਹੋਈਆਂ ਹਨ, ਨਾ ਲੋਕਾਂ ਨੂੰ ਬੈਡ ਮਿਲ ਰਹੇ ਹਨ ਤੇ ਨਾ ਹੀ ਦਵਾਈਆਂ, ਲੋਕ ਅਪਣਿਆਂ ਨੂੰ ਖੋ ਕੇ ਸੜਕਾਂ 'ਤੇ ਰੋ ਰਹੇ ਹਨ ਪਰ ਲੀਡਰਾਂ ਦੀ ਚਮੜੀ ਇੰਨੀ ਮੋਟੀ ਹੈ ਕਿ ਉਹ ਇਹੀ ਕਹੀ ਜਾ ਰਹੇ ਹਨ ਕਿ ਕਿਸੇ ਚੀਜ਼ ਦੀ ਘਾਟ ਨਹੀਂ | ਉਨ੍ਹਾਂ ਪੁਛਿਆ ਕਿ ਜੇਕਰ ਕਿਸੇ ਚੀਜ਼ ਦੀ ਘਾਟ ਹੀ ਨਹੀਂ ਤਾਂ ਲੋਕ ਕਿਉਂ ਮਰ ਰਹੇ ਹਨ?
ਪ੍ਰਭਾਕਰ ਪੁਛਦੇ ਹਨ ਕਿ ਲੋਕਾਂ ਨੂੰ ਤਾਂ ਪ੍ਰਧਾਨ ਮੰਤਰੀ ਸਮੇਤ ਸਾਰੇ ਆਗੂ ਕਹਿੰਦੇ ਹਨ ਕਿ ਸਮਾਜਕ ਦੂਰੀ ਰੱਖੋ ਪਰ ਆਪ ਵੱਡੀਆਂ-ਵੱਡੀਆਂ ਰੈਲੀਆਂ ਕਰ ਕੇ ਲੋਕਾਂ ਦਾ ਕੀ ਭਲਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਕੇਵਲ ਕੁਰਸੀ ਨਾਲ ਮੋਹ ਹੈ, ਕੋਈ ਮਰਦਾ ਹੈ ਤਾਂ ਕੋਈ ਦੁੱਖ ਨਹੀਂ | ਪ੍ਰਭਾਕਰ ਧਾਰਮਕ ਆਗੂਆਂ 'ਤੇ ਵੀ ਗੁਸਾ ਕਢਦੇ ਹਨ ਤੇ ਕਹਿੰਦੇ ਹਨ ਕਿ ਪਹਿਲਾਂ ਤਾਂ ਕੁੰਭ 'ਤੇ ਲੱਖਾਂ ਲੋਕਾਂ ਦਾ ਇਕੱਠ ਕਰ ਲਿਆ ਤੇ ਜਦੋਂ ਕੋਰੋਨਾ ਫੈਲ ਗਿਆ ਤਾਂ ਕਹਿਣ ਲੱਗ ਪਏ ਕਿ ਰਸਮੀ ਕੁੰਭ ਮਨਾਉ | ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਆਸੀ ਤੇ ਧਾਰਮਕ ਆਗੂਆਂ ਨੂੰ ਲੋਕਾਂ ਦੀ ਰੱਤੀ ਭਰ ਵੀ ਚਿੰਤਾ ਨਹੀਂ ਹੈ ਤੇ ਇਹ ਤਾਂ ਅਪਣੇ ਤੋਰੀ ਫੁਲਕੇ ਲਈ ਚਿੰਤਤ ਰਹਿੰਦੇ ਹਨ |
ਪ੍ਰਭਾਕਰ ਕਹਿੰਦੇ ਹਨ ਕਿ ਲੋਕਾਂ ਤੋਂ ਤਾਲੀਆਂ-ਥਾਲੀਆਂ ਖੜਕਾ ਕੇ ਉਨ੍ਹਾਂ ਦੀ ਊਰਜਾ ਬਰਬਾਦ ਕੀਤੀ ਗਈ ਪਰ ਸਰਕਾਰ ਨੇ ਅਜਿਹਾ ਕੋਈ ਕਦਮ ਨਹੀਂ ਚੁਕਿਆ ਜਿਸ ਨਾਲ ਕੋਰੋਨਾ ਦੀ ਦੂਜੀ ਲਹਿਰ ਦਾ ਮੁਕਾਬਲਾ ਕੀਤਾ ਜਾ ਸਕੇ | ਬੀਤੇ 7-8 ਮਹੀਨਿਆਂ 'ਚ ਸਰਕਾਰ ਚੋਣਾਂ ਜਿੱਤਣ 'ਤੇ ਲੱਗੀ ਰਹੀ ਜਿਸ ਕਰ ਕੇ ਕੋਰੋਨਾ ਤੋਂ ਹਾਰਨਾ ਯਕੀਨੀ ਸੀ | (ਏਜੰਸੀ)