
ਜ਼ਮੀਨ ਦਾ ਇੰਤਕਾਲ ਦਰਜ ਕਰਨ ਬਦਲੇ 15,000 ਰੁਪਏ ਦੀ ਕੀਤੀ ਸੀ ਮੰਗ ਤੇ ਸੌਦਾ 10,000 ਰੁਪਏ ’ਚ ਹੋਇਆ ਸੀ ਤੈਅ
ਚੰਡੀਗੜ੍ਹ : ਸੂਬੇ ਵਿਚ ਭ੍ਰਿਸ਼ਟਾਚਾਰੀ ਅਤੇ ਰਿਸ਼ਵਤਖੋਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਚਲਦੇ ਹੀ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਇਕ ਮਾਲ ਪਟਵਾਰੀ, ਉਸ ਦੇ ਨਿੱਜੀ ਸਹਾਇਕ ਅਤੇ ਇਕ ਨੰਬਰਦਾਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਮਹਿਜ਼ 10,000 ਰੁਪਏ ਦੀ ਰਿਸ਼ਵਤ ਲੈ ਰਹੇ ਸਨ ਜਦੋਂ ਉਨ੍ਹਾਂ ਨੂੰ ਵਿਜੀਲੈਂਸ ਬਿਊਰੋ ਵਲੋਂ ਕਾਬੂ ਕੀਤਾ ਗਿਆ।
Vigilance Bureau
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਟਵਾਰੀ ਦੀਦਾਰ ਸਿੰਘ ਹਲਕਾ ਪਿੰਡ ਨਾਰੀਕੇ, ਉਸ ਦਾ ਨਿੱਜੀ ਸਹਾਇਕ ਹਰਵਿੰਦਰ ਸਿੰਘ ਉਰਫ਼ ਬਰਨਾਲਾ ਅਤੇ ਨੰਬਰਦਾਰ ਤਲਵਿੰਦਰ ਸਿੰਘ ਪਿੰਡ ਸਲਾਰ ਜ਼ਿਲ੍ਹਾ ਮਾਲੇਰਕੋਟਲਾ ਨੂੰ ਸ਼ਿਕਾਇਤਕਰਤਾ ਚਰਨਜੀਤ ਸਿੰਘ ਦੀ ਸ਼ਿਕਾਇਤ ’ਤੇ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ।
Vigilance Bureau
ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਟਿਆਲਾ ਸਥਿਤ ਵਿਜੀਲੈਂਸ ਬਿਊਰੋ ਦੇ ਥਾਣੇ ’ਚ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਸ਼ਿਕਾਇਤਕਰਤਾ ਵਲੋਂ ਵਿਜੀਲੈਂਸ ਬਿਊਰੋ ਨੂੰ ਦਿਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਉਕਤ ਪਟਵਾਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜ਼ਮੀਨ ਦਾ ਇੰਤਕਾਲ ਦਰਜ ਕਰਨ ਬਦਲੇ 15,000 ਰੁਪਏ ਦੀ ਮੰਗ ਕੀਤੀ ਹੈ ਪਰ ਸੌਦਾ 10,000 ਰੁਪਏ ’ਚ ਤੈਅ ਹੋਇਆ ਹੈ।
Bribe
ਇਸ ਦੇ ਅਧਾਰ 'ਤੇ ਹੀ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਜਾਂਚ-ਪੜਤਾਲ ਕੀਤੀ ਗਈ ਅਤੇ ਮੌਕੇ 'ਤੇ ਜਾ ਕੇ ਉਕਤ ਪਟਵਾਰੀ ਸਮੇਤ ਉਸ ਦੇ ਨਿੱਜੀ ਸਹਾਇਕ ਅਤੇ ਨੰਬਰਦਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ।