
ਚੀਨ ਦੇ ਹੇਨਾਨ ਸੂਬੇ ’ਚ ਮਿਲਿਆ ਨਵੇਂ ਬਰਡ ਫ਼ਲੂ ਦਾ ਪਹਿਲਾ ਮਾਮਲਾ, ਚਾਰ ਸਾਲਾ ਬੱਚਾ ਮਿਲਿਆ ਪੀੜਤ
ਬੀਜਿੰਗ, 27 ਅਪ੍ਰੈਲ : ਦੁਨੀਆਂ ਭਰ ’ਚ ਕੋਰੋਨਾ ਵਾਇਰਸ ਦਾ ਕਹਿਰ ਅਜੇ ਖ਼ਤਮ ਨਹੀਂ ਹੋਇਆ ਸੀ ਕਿ ਚੀਨ ਦੇ ਹੇਨਾਨ ਸੂਬੇ ’ਚ ਬਰਡ ਫ਼ਲੂ ਦੇ ਐਚ3 ਐਨ8 ਸਟ੍ਰੇਨ ਨਾਲ ਸੰਕਰਮਿਤ ਇਨਸਾਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐਨ.ਐਚ.ਸੀ.) ਨੇ ਇਕ ਬਿਆਨ ’ਚ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਲੋਕਾਂ ਵਿਚ ਲਾਗ ਫੈਲਣ ਦਾ ਖ਼ਤਰਾ ਘੱਟ ਹੈ।
ਦਰਅਸਲ, ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਦਸਿਆ ਕਿ ਜਿਸ ਬੱਚੇ ਵਿਚ ਬਰਡ ਫ਼ਲੂ ਦਾ ਐਚ3 ਐਨ8 ਸਟ੍ਰੇਨ ਪਾਇਆ ਗਿਆ ਹੈ। ਉਸ ਨੂੰ ਬੁਖ਼ਾਰ ਸਮੇਤ ਹੋਰ ਵੀ ਕਈ ਲੱਛਣ ਮਿਲੇ ਹਨ। ਜਿਸ ਤੋਂ ਬਾਅਦ ਚਾਰ ਸਾਲਾ ਲੜਕੇ ਦੀ ਸਿਹਤ ਜਾਂਚ ਕੀਤੀ ਗਈ ਅਤੇ ਉਹ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ। ਬੱਚੇ ਦੇ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਕੋਈ ਵੀ ਵਾਇਰਸ ਨਾਲ ਸੰਕਰਮਿਤ ਨਹੀਂ ਸੀ। ਇਸ ਵਿਚ ਕਿਹਾ ਗਿਆ ਹੈ ਕਿ ਬੱਚੇ ਨੂੰ ਘਰ ਵਿਚ ਪਾਲੀਆਂ ਮੁਰਗੀਆਂ ਅਤੇ ਕਾਂ ਦੇ ਸੰਪਰਕ ਵਿਚ ਆਉਣ ਨਾਲ ਸੰਕਰਮਣ ਹੋਇਆ ਹੈ।
ਸਿਹਤ ਕਮਿਸ਼ਨ ਨੇ ਕਿਹਾ ਕਿ ਐਚ3ਐਨ8 ਘੋੜਿਆਂ, ਕੁੱਤਿਆਂ ਅਤੇ ਪੰਛੀਆਂ ਵਿਚ ਪਹਿਲਾਂ ਹੀ ਪਾਇਆ ਜਾ ਚੁਕਾ ਹੈ। ਪਰ ਇਹ ਐਚ3 ਐਨ8 ਨਾਲ ਸੰਕਰਮਿਤ ਮਨੁੱਖ ਦਾ ਪਹਿਲਾ ਮਾਮਲਾ ਹੈ। ਇਕ ਸ਼ੁਰੂਆਤੀ ਮੁਲਾਂਕਣ ਨੇ ਇਹ ਨਿਰਧਾਰਤ ਕੀਤਾ ਹੈ ਕਿ ਵੇਰੀਐਂਟ ਵਿਚ ਅਜੇ ਤਕ ਮਨੁੱਖਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਕਰਮਿਤ ਕਰਨ ਦੀ ਸਮਰਥਾ ਨਹੀਂ ਹੈ ਅਤੇ ਇਹ ਕਿ ਵੱਡੇ ਪੱਧਰ ’ਤੇ ਮਹਾਂਮਾਰੀ ਦਾ ਖ਼ਤਰਾ ਘੱਟ ਹੈ।
(ਏਜੰਸੀ)