
ਪੰਜਾਬ ਕਾਂਗਰਸ ਵਿਚ ਅੰਦਰੂਨੀ ਕਲੇਸ਼ ਹੋਰ ਵਧਿਆ ਚਾਰ ਸਾਬਕਾ ਪ੍ਰਧਾਨ ਨਵਾਂ ਕਾਂਗਰਸੀ ਫ਼ੋਰਮ ਬਣਾਉਣ ਲੱਗੇ
ਚੰਡੀਗੜ੍ਹ, 26 ਅਪ੍ਰੈਲ (ਜੀ ਸੀ ਭਾਰਦਵਾਜ): ਪਿਛਲੇ 8-9 ਮਹੀਨਿਆਂ ਵਿਚ ਪੰਜਾਬ ਕਾਂਗਰਸ ਦੇ ਤਿੰਨ ਪ੍ਰਧਾਨ ਤੇ ਦੋ ਮੁੱਖ ਮੰਤਰੀ ਬਦਲੇ ਜਾਣ ਉਪਰੰਤ 'ਆਪ' ਵਲੋਂ ਤਿੰਨ ਚੌਥਾਈ ਵਿਧਾਇਕਾਂ ਨਾਲ ਬਹੁਮਤ ਪ੍ਰਾਪਤ ਕਰਨ ਲਈ ਸਰਕਾਰ ਤੋਂ ਬੁਖਲਾਈ ਕਾਂਗਰਸ ਹਾਈ ਕਮਾਂਡ ਨੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵਿਰੁਧ ਸਖ਼ਤ ਐਕਸ਼ਨ ਲੈਣ ਦੀ ਤਿਆਰੀ ਤਾਂ ਕਰ ਲਈ ਹੈ ਪਰ ਪਾਰਟੀ ਅੰਦਰ ਅੰਦਰੂਨੀ ਕਲੇਸ਼ ਨੂੰ ਹੋਰ ਡੂੰਘਾ ਕਰ ਦਿਤਾ ਹੈ ਅਤੇ ਖ਼ਾਨਾਜੰਗੀ ਇੰਨੀ ਤੇਜ਼ ਕਰ ਦਿਤੀ ਹੈ ਕਿ ਕਈ ਵੈਟਰਨ ਤੇ ਟਕਸਾਲੀ ਨੇਤਾਵਾਂ ਨੇ ਪਿਛਲੇ ਦੋ ਹਫ਼ਤਿਆਂ ਤੋਂ 'ਨਵਾਂ ਕਾਂਗਰਸੀ ਫ਼ੋਰਮ' ਗਠਤ ਕਰਨ ਦਾ ਕਦਮ ਚੁਕਣ ਦਾ ਮਨ ਬਣਾ ਲਿਆ ਹੈ | ਇਨ੍ਹਾਂ ਤਜਰਬੇਕਾਰ ਸਿਰਕੱਢ ਆਗੂਆਂ ਵਿਚ ਚਾਰ ਸਾਬਕਾ ਪ੍ਰਧਾਨ ਦਲਿਤ ਨੇਤਾ ਸ਼ਮਸ਼ੇਰ ਸਿੰਘ ਦੂਲੋ ਤੇ ਮਹਿੰਦਰ ਕੇ ਪੀ, ਜੱਟ ਨੇਤਾ ਨਵਜੋਤ ਸਿੱਧੂ ਤੇ ਸੁਨੀਲ ਜਾਖੜ ਸ਼ਾਮਲ ਹਨ | ਲੀਡ ਤਾਂ ਇਸ ਟਕਸਾਲੀ ਫ਼ੋਰਮ ਨੂੰ ਇਹੀ ਦੇਣਗੇ ਪਰ ਨਾਲ ਦੂਜੇ ਵੈਟਰਨ ਵੀ ਛੇਤੀ ਜੁੜਨਗੇ |
ਇਹ ਟਕਸਾਲੀ ਫ਼ੋਰਮ 1970-71 ਤੋਂ ਲੈ ਕੇ 1977-78 ਤਕ ਵਾਲਾ ਕਾਂਗਰਸ ਅੰਦਰ ਉਸ ਵੇਲੇ ਮਜ਼ਬੂਤ ਕਾਂਗਰਸੀ ਲੀਡਰ ਇੰਦਰਾ ਗਾਂਧੀ ਵਿਰੁਧ 'ਯੰਗ ਟਰਕਸ' ਵਰਗਾ ਹੋਵੇਗਾ ਜਿਸ ਵਿਚ ਤੁਲ ਮੋਹਨ, ਚੰਦਰ ਸ਼ੇਖਰ ਕੁਮਾਰ ਮੰਗਲਮ ਤੇ ਹੋਰ ਲੀਡਰ ਸ਼ਾਮਲ ਹਨ | ਹੁਣ ਵੀ ਪੰਜਾਬ ਵਿਚ ਇਹ ਟਕਸਾਲੀ ਫ਼ੋਰਮ, ਕਾਂਗਰਸ ਅੰਦਰ ਰਹਿ ਕੇ ਹੀ ਦੂਜੇ ਨੇਤਾਵਾਂ ਤੇ ਵਰਕਰਾਂ ਨੂੰ ਅਪਣੇ ਨਾਲ ਜੋੜੇਗਾ ਅਤੇ ਮੌਜੂਦਾ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਲਈ ਮੁਸੀਬਤ ਖੜੀ ਕਰੇਗਾ | ਰੋਜ਼ਾਨਾ ਸਪੋਕਸਮੈਨ ਵਲੋਂ ਦਰਜਨ ਦੇ ਕਰੀਬ ਵੈਟਰਨ ਤੇ ਮੌਜੂਦਾ ਪੀੜਤ ਸਾਬਕਾ ਵਿਧਾਇਕਾਂ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਅੰਦਰ ਬਹੁਤੇ ਨੇਤਾ ਪਹਿਲਾਂ ਚੋਣਾਂ ਵੇਲੇ ਹਾਈ ਕਮਾਂਡ ਵਲੋਂ ਲਗਾਏ ਇੰਚਾਰਜ ਹਰੀਸ਼ ਚੌਧਰੀ ਅਤੇ ਦਿੱਲੀ ਬੈਠੇ ਪੰਜਾਬ ਦੇ ਲੀਡਰਾਂ ਵਿਰੁਧ ਮਨਸੂਬੇ ਘੜਨ ਵਾਲੀ ਇਕ ਮਹਿਲਾ ਨੇਤਾ ਦੀ ਕਾਰਗੁਜ਼ਾਰੀ ਤੇ ਟਿਕਟ ਵੰਡ ਵਿਚ ਨਿਭਾਈ ਭੂਮਿਕਾ ਤੋਂ ਖਫ਼ਾ ਸਨ | ਹੁਣ ਸੁਨੀਲ ਜਾਖੜ ਵਿਰੁਧ ਬੇਲੋੜਾ ਅਨੁਸ਼ਾਸਨਹੀਣਤਾ ਦਾ ਐਕਸ਼ਨ ਕਾਰਨ ਦੱਸੋ ਨੋਟਿਸ ਤੇ ਪਾਰਟੀ ਵਿਚੋਂ ਕੱਢਣ ਦੀ ਸਾਜ਼ਸ਼ ਸਦਕਾ ਬੇਹੱਦ ਦੁਖੀ ਹੋ ਗਏ ਹਨ |
ਪੰਜਾਬ ਕਾਂਗਰਸ ਦੇ 27 ਪ੍ਰਧਾਨਾਂ ਵਿਚੋਂ ਕੇਵਲ 8 ਹੀ ਹੁਣ ਐਕਟਿਵ ਪਾਲਿਟਿਕਸ ਵਿਚ ਹਨ | ਜੋ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ ਕਮਜ਼ੋਰ ਹੋਈ ਹਾਈ ਕਮਾਂਡ ਵਿਚ ਬੈਠੇ ਉਨ੍ਹਾਂ ਸਾਜ਼ਸ਼ ਕਰਤਾਵਾਂ
ਵਿਰੁਧ ਡੱਟਣ ਦਾ ਹੌਂਸਲਾ ਕਰਦੇ ਹਨ | ਇਨ੍ਹਾਂ ਵਿਚ ਗਰਮਜੋਸ਼ੀ ਵਾਲੇ ਸ਼ਮਸ਼ੇਰ ਦੂਲੋ, ਮਹਿੰਦਰ ਕੇਪੀ, ਪ੍ਰਤਾਪ ਬਾਜਵਾ, ਲਾਲ ਸਿੰਘ, ਨਵਜੋਤ ਸਿੱਧੂ ਤੇ ਸੁਨੀਲ ਜਾਖੜ ਹੀ ਫ਼ੀਲਡ ਵਿਚ ਰਹਿ ਕੇ ਕਾਂਗਰਸ ਦਾ ਝੰਡਾ ਬੁਲੰਦ ਕਰੀ ਰੱਖ ਰਹੇ ਹਨ | ਅੰਬਿਕਾ ਸੋਨੀ ਕੇਵਲ 1966 ਵਿਚ ਬਹੁਤ ਥੋੜ੍ਹਾ ਸਮਾਂ ਪ੍ਰਧਾਨ ਰਹੀ ਤੇ ਰਾਜਿੰਦਰ ਕੌਰ ਭੱਠਲ ਜੂਨ 1997 ਤੋਂ ਜੁਲਾਈ 1998 ਤਕ ਇਕ ਸਾਲ ਪ੍ਰਧਾਨ ਸਨ | ਇਹ ਦੋਨੋਂ ਜ਼ਿਆਦਾ ਐਕਟਿਵ ਨਹੀਂ ਹਨ | ਅੰਬਿਕਾ ਸੋਨੀ ਕਈ ਟਰਮਾਂ ਤੋਂ ਰਾਜ ਸਭਾ ਮੈਂਬਰ ਹਨ ਅਤੇ ਸੋਨੀਆ ਗਾਂਧੀ ਦੇ ਨੇੜੇ ਰਹਿ ਕੇ ਖ਼ੁਦ ਜ਼ਿਆਦਾ ਤੇ ਪਾਰਟੀ ਵਾਸਤੇ ਬਹੁਤ ਘੱਟ ਖ਼ੈਰ ਖੁਆਹ ਜਾਣੇ ਜਾਂਦੇ ਹਨ | ਪਿਛਲੇ 8-9 ਮਹੀਨੇ ਪੰਜਾਬ ਵਿਚ ਮੁੱਖ ਮੰਤਰੀ ਬਦਲੇ ਜਾਣ, ਦਲਿਤ ਮੁੱਖ ਮੰਤਰੀ ਬਣਾਉਣ ਤੇ ਹੁਣ ਸੁਨੀਲ ਜਾਖੜ ਵਿਰੁਧ ਐਕਸ਼ਨ ਲੈਣ ਦੀ ਕਾਰਵਾਈ ਵਿਚ ਇਨ੍ਹਾਂ ਦੀ ਵਡਮੁੱਲੀ ਭੂਮਿਕਾ ਦੀ ਚਰਚਾ ਹੈ |
ਪੰਜਾਬ ਕਾਂਗਰਸ ਦੇ ਨੇਤਾਵਾਂ ਤੇ ਵਰਕਰਾਂ ਵਿਚ ਆਮ ਚਰਚਾ ਹੈ ਕਿ ਸਿਆਸਤ ਵਿਚ ਉਤਾਰ ਚੜਾਅ ਹਾਰ ਜਿੱਤ ਹੁੰਦੀ ਰਹਿੰਦੀ ਹੈ, ਪ੍ਰਧਾਨ-ਮੁੱਖ ਮੰਤਰੀ ਬਦਲਦੇ ਰਹਿੰਦੇ ਹਨ | ਸਰਕਾਰਾਂ ਵਿਚ ਭਾਈਵਾਲੀ ਚਲਦੀ ਰਹਿੰਦੀ ਹੈ ਪਰ 2007 ਤੋਂ 2017 ਤਕ ਲਗਾਤਾਰ 10 ਸਾਲ ਸੱਤਾ ਤੋਂ ਬਾਹਰ ਰਹਿਣ ਵਾਲੀ ਕਾਂਗਰਸ 2017 ਤੋਂ 2022 ਤਕ ਫਿਰ ਚੜ੍ਹਤ ਵਿਚ ਰਹੀ | ਹੁਣ ਇਸ ਦੀ ਹਾਈ ਕਮਾਂਡ ਅਪਣੀਆਂ ਕੀਤੀਆਂ ਗ਼ਲਤੀਆਂ ਤੋਂ ਭਵਿੱਖ ਵਿਚ ਕੁੱਝ ਸਿੱਖਣ ਦੀ ਥਾਂ ਪੰਜਾਬ ਦੇ ਸਿਰਕੱਢ ਤੇ ਮਿਹਨਤੀ ਇਮਾਨਦਾਰ ਨੇਤਾਵਾਂ ਵਿਰੁਧ ਹੀ ਦਿੱਲੀ ਬੈਠੇ ਸਾਜ਼ਸ਼ਕਰਤਾ ਦੇ ਅੱਡੇ ਚੜ੍ਹ ਕੇ ਬੇਲੋੜਾ ਐਕਸ਼ਨ ਲੈ ਰਹੀ ਹੈ | ਇਸ ਨਾਲ ਪੰਜਾਬ ਦੇ ਲੋਕਾਂ ਵਿਚ ਕਾਂਗਰਸ ਬਾਰੇ ਗ਼ਲਤ ਸੰਦੇਸ਼ ਜਾਵੇਗਾ ਅਤੇ ਪਾਰਟੀ ਦੇ ਨੌਜਵਾਨ ਭਵਿੱਖ ਦੇ ਨੇਤਾ ਮਾਯੂਸ ਹੋਣਗੇ ਤੇ ਨਵੇਂ ਪਾਸੇ ਅਪਣੀ ਮਿਹਨਤ ਤੇ ਜੋਸ਼ ਦਿਖਾਉਣਗੇ, ਕਾਂਗਰਸ ਕਮਜ਼ੋਰ ਹੁੰਦੀ ਜਾਵੇਗੀ |
(ਫ਼ੋਟੋ :ਦੂਲੋ, ਕੇਪੀ, ਸਿੱਧੂ, ਜਾਖੜ)