
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਡੇਰਾ ਚਰਨ ਬਾਗ਼ ਦੇ ਨਜ਼ਦੀਕ ਪੈਂਦੇ ਮੌੜ ਤੋਂ ਗੱਡੀ ਦਾ ਸੰਤੁਲਨ ਵਿਗੜ ਗਿਆ
Punjab News: ਗੋਇੰਦਵਾਲ ਸਾਹਿਬ : ਕਸਬਾ ਗੋਇੰਦਵਾਲ ਸਾਹਿਬ ਦੇ ਨਜ਼ਦੀਕ ਤੇਜ ਰਫ਼ਤਾਰ ਕਾਰ ਦਰੱਖ਼ਤ ਨਾਲ ਟਕਰਾਉਣ ਕਰ ਕੇ 4 ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੋਇੰਦਵਾਲ ਸਾਹਿਬ ਨੇੜੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਤੇਜ਼ ਰਫ਼ਤਾਰ ਵਰਨਾ ਗੱਡੀ ਡੀਐੱਲ 8 ਸੀ ਏਏ 5117 ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਗਈ।
ਹਾਦਸਾ ਇਨ੍ਹਾਂ ਦਰਦਨਾਕ ਸੀ ਕਿ ਮੌਕੇ 'ਤੇ ਗੱਡੀ ਸਵਾਰ 5 ਨੌਜਵਾਨਾਂ ਵਿਚੋਂ 4 ਨੌਜਵਾਨਾਂ ਦੀ ਮੌਤ ਹੋ ਗਈ ਤੇ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਥਾਨਕ ਲੋਕਾਂ ਵੱਲੋਂ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਚਾਰਾਂ ਨੌਜਵਾਨਾਂ ਦੀ ਪਛਾਣ ਹਰਜੰਟ ਸਿੰਘ, ਸਿਕੰਦਰ ਸਿੰਘ, ਯੁਵਰਾਜ ਸਿੰਘ, ਸੁਖਦੇਵ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਕਤ ਪੰਜੇ ਨੌਜਵਾਨ ਤਰਨਤਾਰਨ ਦੇ ਨਜ਼ਦੀਕੀ ਪਿੰਡ ਪੰਡੋਰੀ ਰਣ ਸਿੰਘ ਦੇ ਵਸਨੀਕ ਹਨ।
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਡੇਰਾ ਚਰਨ ਬਾਗ਼ ਦੇ ਨਜ਼ਦੀਕ ਪੈਂਦੇ ਮੌੜ ਤੋਂ ਗੱਡੀ ਦਾ ਸੰਤੁਲਨ ਵਿਗੜ ਗਿਆ। ਜਿਸ ਦੇ ਚਲਦੇ ਤੇਜ਼ ਰਫ਼ਤਾਰ ਗੱਡੀ ਦਰੱਖਤ ਨੂੰ ਪੁੱਟਦੇ ਹੋਏ ਟ੍ਰਾਂਸਫਾਰਮਰ ਨਾਲ ਟਕਰਾਅ ਗਈ । ਹਾਦਸੇ 'ਚ 4 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ।