
ਅਦਾਲਤ ਨੇ ਸਿਹਤ ਮੰਤਰੀ ਬਲਬੀਰ ਸਿੰਘ ਤੋਂ ਮੰਗਿਆ ਜਵਾਬ, ਅਗਲੀ ਸੁਣਵਾਈ 13 ਨੂੰ
ਦਸ ਦਈਏ ਕਿ ਪਿੱਛਲੇ ਦਿਨੀਂ ਸਿਹਤ ਮੰਤਰੀ ਬਲਬੀਰ ਸਿੰਘ ਵਲੋਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ’ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਰਵਨੀਤ ਸਿੰਘ ਬਿੱਟੂ ਵਿਰੁਧ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਚੱਲ ਰਹੇ ਮਾਣਹਾਨੀ ਕੇਸ ਵਿਚ ਬਿੱਟੂ ਨੇ ਅਰਜ਼ੀ ਦਾਖ਼ਲ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ, ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਿਹਤ ਮੰਤਰੀ ਬਲਬੀਰ ਸਿੰਘ ਤੇ ‘ਆਪ’ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੀਆਂ ਕੁਝ ਵੀਡੀਓ ਤੇ ਆਡੀਓ ਵਾਲੀਆਂ ਪੈੱਨ ਡਰਾਈਵਜ਼ ਰਿਕਾਰਡ ’ਤੇ ਰੱਖਣ ਦੀ ਮੰਗ ਕੀਤੀ ਹੈ।
ਅਦਾਲਤ ਨੇ ਸਬੰਧਤ ਮਾਮਲੇ ’ਤੇ ਸੁਣਵਾਈ ਕਰਦਿਆਂ ਡਾ. ਬਲਬੀਰ ਸਿੰਘ ਤੋਂ ਜਵਾਬ ਮੰਗਿਆ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 13 ਮਈ ’ਤੇ ਪਾ ਦਿਤੀ ਹੈ। ਰਵਨੀਤ ਬਿੱਟੂ ਨੇ ਆਪਣੇ ਵਕੀਲਾਂ ਤਰਮਿੰਦਰ ਸਿੰਘ ਅਤੇ ਐਸਸੀ ਮਹਿਤਾ ਰਾਹੀਂ ਇਹ ਅਰਜ਼ੀ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਵੀਡੀਓਜ਼ ਤੇ ਆਡੀਓਜ਼ ਦੀ ਪੈਨ ਡਰਾਈਵ ਅਦਾਲਤ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦੇ ਹਨ, ਜਿਸ ਵਿਚ ਵੱਖ-ਵੱਖ ਨਿਊਜ਼ ਚੈਨਲਾਂ ਸਣੇ ਸੋਸ਼ਲ ਮੀਡੀਆ ਪਲੈਟਫਾਰਮਾਂ ਤੋਂ ਡਾਊਨਲੋਡ ਕੀਤੀਆਂ ਵੀਡੀਓਜ਼ ਤੇ ਆਡੀਓਜ਼ ਸਨ, ਜੋ ਕਿ ਬਿਨਾਂ ਕਿਸੇ ਛੇੜਛਾੜ ਤੋਂ ਤਿਆਰ ਕੀਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਰਵਨੀਤ ਸਿੰਘ ਬਿੱਟੂ ’ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਬਿੱਟੂ ਨੇ ਸੋਸ਼ਲ ਮੀਡੀਆ ਨੇ ਦੋਸ਼ ਲਾਇਆ ਸੀ ਕਿ ਪੰਜਾਬ ਸਰਕਾਰ ਦੇ ਵਿਧਾਇਕ ਅਤੇ ਮੰਤਰੀ, ਸੂਬੇ ਦਾ ਪੈਸਾ ਸਰਕਾਰੀ ਗੱਡੀਆਂ ਵਿਚ ਲਿਜਾ ਕੇ ਨਵੀਂ ਦਿੱਲੀ ਵਿਚ ਮੁੱਖ ਮੰਤਰੀ, ਪੰਜਾਬ ਦੀ ਸਰਕਾਰੀ ਰਿਹਾਇਸ਼ ’ਤੇ ਡੰਪ ਕਰ ਰਹੇ ਹਨ।