
ਕਿਹਾ, ਹਮਲਾਵਰ ਦੇ ਪਿਛੋਕੜ ਦੀ ਜਾਂਚ ਹੋਵੇ
ਅੰਮ੍ਰਿਤਸਰ, 26 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਇੰਗਲੈਂਡ ਦੇ ਸ਼ਹਿਰ ਡਰਬੀ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ, ਕਿਸੇ ਸ਼ਰਾਰਤੀ ਅਨਸਰ ਵਲੋਂ ਗੁਰਦੁਆਰਾ ਸਾਹਿਬ ਇਮਾਰਤ ਦੀ ਭੰਨਤੋੜ ਤੇ ਵੱਡੀ ਪੱਧਰ 'ਤੇ ਨੁਕਸਾਨ ਕਰਨ ਦੀ ਮੰਦਭਾਗੀ ਤੇ ਦੁਖਦਾਈ ਖਬਰ ਮਿਲੀ ਜਿਸ ਨਾਲ ਸਿਖ ਭਾਈਚਾਰੇ ਵਿੱਚ ਨਰਾਜਗੀ ਤੇ ਗੁੱਸੇ ਦੀ ਲਹਿਰ ਹੈ। ਇਸ ਦਾ ਪ੍ਰਗਟਾਵਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਭਾਈਚਾਰਕ ਸਾਂਝ ਵਿਚ ਗ਼ਲਤ ਫ਼ਹਿਮੀਆਂ ਤੇ ਆਪਸੀ ਰਿਸ਼ਤਿਆਂ ਵਿਚ ਤਨਾਅ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਵਿਅਕਤੀ ਤੋਂ ਸਹੀ ਤਰਾਂ ਪੁਛਗਿੱਛ ਕਰਨੀ ਚਾਹੀਦੀ ਹੈ ਤੇ ਇਸ ਪਿਛੇ ਕੀ ਕਾਰਨ ਹਨ। ਉਸ ਬਾਰੇ ਸੰਗਤ ਨੂੰ ਵੀ ਜਾਣੂੰ ਕਰਵਾਉਣਾ ਚਾਹੀਦਾ ਹੈ।
File photo
ਨਿਹੰਗ ਮੁਖੀ ਨੇ ਕਿਹਾ ਕਿ ਅਜਿਹੇ ਵਿਅਕਤੀਆਂ ਦੀ ਦਸ਼ਾ-ਦਿਸ਼ਾ, ਭਾਵਨਾ, ਮਨਸੂਬਾ ਜਨਤਕ ਹੋਣ ਨਾਲ ਬਾਕੀ ਲੋਕਾਂ ਨੂੰ ਸਬਕ ਮਿਲੇਗਾ। ਉਨ੍ਹਾਂ ਕਿਹਾ ਕਿ ਅਸੀਂ ਪੂਰਨ ਆਸ ਕਰਦੇ ਹਾਂ ਕਿ ਉਥੋਂ ਦੇ ਸਿੱਖ ਭਾਈਚਾਰਕ ਸਾਂਝ, ਪਿਆਰ ਅਤੇ ਇਤਫਾਕ ਬਨਾਈ ਰਖਣਗੇ। ਉਨ੍ਹਾਂ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਦੇ ਰੋਕਥਾਮ ਲਈ ਪ੍ਰਸ਼ਾਸਨ ਸਦੀਵੀ ਪ੍ਰਬੰਧ ਕਰੇ।