
ਇਕੱਲੇ ਬਾਪੂਧਾਮ 'ਚ 200 ਤੋਂ ਟੱਪੇ ਮਰੀਜ਼
ਚੰਡੀਗੜ੍ਹ, 26 ਮਈ (ਤਰੁਣ ਭਜਨੀ): ਸੈਕਟਰ- 26 ਬਾਪੂਧਾਮ ਕਾਲੋਨੀ ਵਿਚ ਕੋਰੋਨਾ ਵਾਇਰਸ ਦੀ ਚੇਨ ਟੁੱਟਣ ਦਾ ਨਾਂ ਨਹੀਂ ਲੈ ਰਹੀ। ਮੰਗਲਵਾਰ ਨੂੰ ਇਥੇ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਏ ਹਨ। ਸ਼ਹਿਰ ਵਿਚ ਐਕਟਿਵ ਕੇਸਾਂ ਦੀ ਗਿਣਤੀ 86 ਹੋ ਗਈ ਹੈ। ਉਥੇ ਹੀ ਕੁਲ ਪਾਜ਼ੇਟਿਵ 278 ਹੋ ਗਏ ਹਨ, ਜਿਨ੍ਹਾਂ ਵਿਚੋਂ 188 ਠੀਕ ਹੋ ਕੇ ਘਰ ਜਾ ਚੁਕੇ ਹਨ।
ਬਾਪੂਧਾਮ ਕਾਲੋਨੀ ਵਿਚ ਲਗਾਤਾਰ ਕੋਰੋਨਾ ਮਰੀਜ਼ ਵਧ ਰਹੇ ਹਨ। ਅੱਜ ਵੀ ਇਥੋਂ 12 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਏਰੀਆ ਹਾਲਾਂਕਿ ਲਗਭਗ ਦੋ ਮਹੀਨੇ ਤੋਂ ਬੰਦ ਹੈ। ਬਾਵਜੂਦ ਇਸ ਦੇ ਇੱਥੇ ਕੋਰੋਨਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ ਇਕ ਹਫ਼ਤੇ ਵਿਚ ਹੀ ਇਥੋਂ ਕਰੀਬ 70 ਮਾਮਲੇ ਆ ਚੁਕੇ ਹਨ ਅਤੇ ਅੱਜ ਫਿਰ 12 ਨਵੇਂ ਮਾਮਲਿਆਂ ਨੇ ਪ੍ਰਸ਼ਾਸਨ ਦੀ ਚਿੰਤਾ ਹੋਰ ਵਧਾ ਦਿਤੀ ਹੈ।
ਇਕੱਲੇ ਬਾਪੂਧਾਮ ਤੋਂ ਹੀ ਹੁਣ ਤਕ 200 ਤੋਂ ਵੱਧ ਮਾਮਲੇ ਹੋ ਚੁਕੇ ਹਨ, ਜਿਸ ਕਾਰਨ ਚੰਡੀਗੜ੍ਹ ਵਿਚ ਸੰਕਰਮਿਤਾਂ ਦਾ ਗਿਣਤੀ 278 ਪਹੁੰਚ ਗਈ ਹੈ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਇੱਥੇ ਕੋਰੋਨਾ ਮਰੀਜ਼ ਵਧਦੇ ਜਾ ਰਹੇ ਹਨ, ਜਿਨ੍ਹਾਂ ਨੂੰ ਬਿਹਤਰ ਇਲਾਜ ਦੀ ਜ਼ਰੂਰਤ ਹੈ।
ਸਦਮੇ ਵਿਚ ਬਾਪੂਧਾਮ ਕਾਲੋਨੀ ਦੇ ਲੋਕ : ਹਾਲਾਤ ਇਹ ਹੋ ਗਏ ਹਨ ਕਿ 2 ਮਹੀਨੇ ਤੋਂ ਅਪਣੇ ਘਰਾਂ ਵਿਚ ਬੰਦ ਇਹ ਲੋਕ ਕੋਰੋਨਾ ਤੋਂ ਨਹੀਂ ਸਗੋਂ ਹੁਣ ਭੁੱਖ ਨਾਲ ਮਰਨ ਦੀ ਕਗਾਰ 'ਤੇ ਹਨ। ਲੋਕਾਂ ਕੋਲ ਨਾ ਖਾਣ ਨੂੰ ਕੁੱਝ ਹੈ ਅਤੇ ਨਾ ਹੀ ਕਮਾਉਣ ਲਈ ਉਹ ਬਾਹਰ ਜਾ ਸਕਦੇ ਹਨ।
ਜੋ ਰਾਸ਼ਨ ਮਿਲ ਰਿਹਾ ਹੈ, ਉਹ ਵੀ ਉਨ੍ਹਾਂ ਦੀ ਜ਼ਰੂਰਤ ਨੂੰ ਪੂਰਾ ਨਹੀਂ ਕਰ ਪਾਉਂਦਾ। ਇਸ ਸਥਿਤੀ ਵਿਚ ਕਾਲੋਨੀ ਵਿਚ ਰਹਿ ਰਹੇ ਲੋਕ ਸਦਮੇ ਵਿਚ ਹਨ। ਉਥੇ ਰਹਿ ਰਹੇ ਲੋਕਾਂ ਮੁਤਾਬਕ ਪ੍ਰਸ਼ਾਸਨ ਵਲੋਂ ਜੋ ਰਾਸ਼ਨ ਉਨ੍ਹਾਂ ਤਕ ਪਹੁੰਚਾਇਆ ਜਾ ਰਿਹਾ ਹੈ, ਉਹ ਨਾਕਾਫ਼ੀ ਹੈ।
ਤਿੰਨ ਦਿਨ ਦੀ ਮਰਨ ਵਾਲੀ ਬੱਚੀ ਦੇ ਪਰਵਾਰ ਵਾਲੇ ਨਿਕਲੇ ਨੈਗੇਟਿਵ : ਬੀਤੇ ਐਤਵਾਰ ਡੱਡੂਮਾਜਰਾ ਦੀ ਤਿੰਨ ਦਿਨ ਦੀ ਮਰਨ ਵਾਲੀ ਬੱਚੀ ਦੇ ਪਰਵਾਰ ਵਾਲਿਆਂ ਦੀ ਕੋਰੋਨਾ ਰਿਪੋਰਟ ਆ ਗਈ ਹੈ, ਜਿਸ ਵਿਚ ਪਰਵਾਰ ਦੇ ਕਿਸੇ ਵੀ ਜੀਅ ਨੂੰ ਕੋਰੋਨਾ ਦੀ ਪੁਸ਼ਟੀ ਨਹੀਂ ਹੋਈ ਹੈ। ਬੱਚੀ ਦੀ ਐਤਵਾਰ ਨੂੰ ਪੀਜੀਆਈ ਵਿਚ ਮੌਤ ਹੋ ਗਈ ਸੀ।
ਮੌਤ ਤੋਂ ਬਾਅਦ ਬੱਚੀ ਦਾ ਜਦੋਂ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਹ ਪਾਜ਼ੇਟਿਵ ਪਾਈ ਗਈ, ਜਿਸ ਤੋਂ ਬਾਅਦ ਪਰਵਾਰ ਦੇ ਲੋਕਾਂ ਦੇ ਵੀ ਟੈਸਟ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਬੱਚੀ ਦਾ ਜਨਮ ਸੈਕਟਰ-22 ਦੇ ਸਰਕਾਰੀ ਹਸਪਤਾਲ ਵਿਚ ਹੋਇਆ ਸੀ।