
ਕੋਰੋਨਾ ਮਰੀਜ਼ਾਂ ਦਾ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਹੋਵੇਗਾ ਮੁਫ਼ਤ ਇਲਾਜ
ਲੋਕ ਇਨਸਾਫ਼ ਪਾਰਟੀ ਨੇ ਕੀਤੀ ਫ਼ੈਸਲੇ ਦੀ ਸ਼ਲਾਘਾ
ਲੁਧਿਆਣਾ, 26 ਮਈ (ਪ੍ਰਮੋਦ ਕੌਸ਼ਲ): ਲੋੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਨੇ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਸਰਬੱਤ ਸਿਹਤ ਬੀਮਾ ਯੋਜਨਾ (ਆਯੂਸ਼ਮਾਨ) ਅਧੀਨ ਕੋਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਮੁਫ਼ਤ ਕਰਨ ਲਈ ਕਿਹਾ ਸੀ ਜਿਸ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਆਉਂਦੇ ਕੋਵਿਡ 19 ਦੇ ਮਰੀਜ਼ਾਂ ਨੂੰ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਚ ਮੁਫ਼ਤ ਇਲਾਜ ਦੇਣ ਦਾ ਫ਼ੈਸਲਾ ਕੀਤਾ ਹੈ |
ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਮੀਡੀਆ ਇੰਚਾਰਜ ਪੰਜਾਬ ਪ੍ਰਦੀਪ ਸਿੰਘ ਬੰਟੀ ਨੇ ਜਿੱਥੇ ਇਸ ਫ਼ੈਸਲੇ ਲਈ ਸਰਕਾਰ ਦਾ ਧਨਵਾਦ ਕੀਤਾ ਉਥੇ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹ ਫ਼ੈਸਲਾ ਅਜੇ ਅਧੂਰਾ ਲਿਆ ਗਿਆ ਹੈ | ਸਰਬੱਤ ਸਿਹਤ ਬੀਮਾ ਯੋਜਨਾ ਵਿਚ ਹਰ ਉਹ ਵੱਡੇ-ਛੋਟੇ ਹਸਪਤਾਲ ਨੂੰ ਇਸ ਸਕੀਮ ਅਧੀਨ ਲਿਆਂਦਾ ਜਾਵੇ ਜੋ ਹਸਪਤਾਲ ਕੋਰੋਨਾ ਦਾ ਇਲਾਜ ਕਰਦਾ ਹੈ | ਉਨ੍ਹਾਂ ਕਿਹਾ ਕਿ ਇਸ ਭਿਆਨਕ ਬਿਮਾਰੀ ਨਾਲ ਮਰਨ ਵਾਲਿਆਂ ਦੇ ਪਰਵਾਰਕ ਮੈਂਬਰਾਂ ਨੂੰ ਮੁਆਵਜ਼ਾ ਵੀ ਇਸ ਸਕੀਮ ਅਧੀਨ ਦਿਵਾਇਆ ਜਾਵੇ |
ਬੰਟੀ ਨੇ ਕਿਹਾ ਕਿ ਇਸ ਬੀਮਾਰੀ ਦੇ ਦੌਰ ਵਿਚ ਕੋਰੋਨਾ ਪਾਜ਼ੇਟਿਵ ਆਏ ਮਿਡਲ ਕਲਾਸ, ਗ਼ਰੀਬ ਅਤੇ ਮਜ਼ਦੂਰ ਵਰਗ ਲਈ ਅਪਣਾ ਇਲਾਜ ਕਰਵਾਉਣਾ ਵੀ ਔਖਾ ਹੋ ਰਿਹਾ ਸੀ |
ਜਦੋਂ ਉਹ ਹਸਪਤਾਲ ਵਿਚ ਇਲਾਜ ਕਰਵਾਉਣ ਜਾਂਦੇ ਸਨ ਤਾਂ ਪ੍ਰਾਈਵੇਟ ਹਸਪਤਾਲਾਂ ਵਲੋਂ ਲੱਖਾਂ ਰੁਪਏ ਦਾ ਬਿੱਲ ਬਣਾ ਦਿਤਾ ਜਾਂਦਾ ਸੀ | ਉਨ੍ਹਾਂ ਦੀ ਮੰਗ ਸੀ ਕਿ ਕਰੋਨਾ ਪੀੜਤ ਮਰੀਜ਼ਾ ਦਾ ਇਲਾਜ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਮੁਫ਼ਤ ਕੀਤਾ ਜਾਵੇ |
ਉਨ੍ਹਾਂ ਕਿਹਾ ਕਿ ਇਹ ਸ. ਬੈਂਸ ਅਤੇ ਪਾਰਟੀ ਦੀ ਬਹੁਤ ਵੱਡੀ ਪ੍ਰਾਪਤੀ ਹੈ | ਇਸ ਬੀਮਾ ਯੋਜਨਾ ਅਧੀਨ ਹੁਣ ਲਾਭਪਾਤਰੀ ਕੋਵਿਡ 19 ਦੇ ਇਲਾਜ ਲਈ ਸਰਕਾਰੀ ਹਸਪਤਾਲ ਤੋ ਬਿਨਾ ਕਿਸੇ ਰੈਫਰਲ ਦੀ ਜ਼ਰੂਰਤ ਦੇ ਸਿੱਧਾ ਸੂਚੀਬੱਧ ਪ੍ਰਾਇਵੇਟ ਹਸਪਤਾਲਾ ਵਿਚ ਜਾ ਸਕਦਾ ਹੈ ਅਤੇ ਪੰਜਾਬ ਸਰਕਾਰ ਦੇ ਇਸ ਕਦਮ ਨਾਲ ਸੂਬੇ ਦੇ ਕਮਜ਼ੋਰ ਅਤੇ ਲੋੜਵੰਦ ਲੋਕਾ ਨੂੰ ਵੱਡੀ ਰਾਹਤ ਮਿਲੇਗੀ |