
ਪਿੰਡ ਸੁਖਾਨੰਦ ’ਚ ਵਾਪਰੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ
ਸਿੱਖ ਸੰਗਤਾਂ ਨੇ ਮੌਕੇ ’ਤੇ ਹੀ ਕਥਿਤ ਦੋਸ਼ੀ ਨੂੰ ਕੀਤਾ ਕਾਬੂ
ਬਾਘਾ ਪੁਰਾਣਾ, 26 ਮਈ (ਸੰਦੀਪ ਬਾਘੇਵਾਲੀਆ): ਬਾਘਾ ਪੁਰਾਣਾ ਤਹਿਸੀਲ ਦੇ ਪਿੰਡ ਸੁਖਾਨੰਦ ਵਿਖੇ ਇਕ ਸ਼ਰਾਬੀ ਵਿਅਕਤੀ ਵਲੋਂ ਦੋ ਗੁਟਕਾ ਸਾਹਿਬ ਮੰਡੀ ਵਿਚ ਖਿਲਾਰ ਕੇ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਭਿਣਕ ਲੋਕਾਂ ਨੂੰ ਪੈਣ ’ਤੇ ਪਿੰਡ ਸੁਖਾਨੰਦ ਅਤੇ ਨਾਲ ਲਗਦੇ ਪਿੰਡ ਚੀਦਾ ਦੀਆਂ ਸਿੱਖ ਸੰਗਤਾਂ ਨੇ ਕਥਿਤ ਦੋਸ਼ੀ ਨੂੰ ਮੌਕੇ ’ਤੇ ਹੀ ਦਬੋਚ ਲਿਆ ਜੋ ਨਸ਼ੇ ਦੀ ਹਾਲਤ ਵਿਚ ਧੁੱਤ ਮਿਲਿਆ। ਇਹ ਮਾਮਲਾ 25 ਮਈ ਦੀ ਰਾਤ ਕਰੀਬ 10 ਵਜੇ ਦਾ ਹੈ।
ਪਿੰਡ ਸੁਖਾਨੰਦ ਦੇ ਸਰਪੰਚ ਲਖਵੀਰ ਸਿੰਘ ਅਤੇ ਪਿੰਡ ਚੀਦਾ ਦੇ ਡਾ. ਜਗਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮਾਮਲੇ ਦੀ ਜਾਂਚ ਲਈ ਉਨ੍ਹਾਂ ਥਾਣਾ ਸਮਾਲਸਰ ਦੀ ਪੁਲਿਸ ਨੂੰ ਸੂਚਿਤ ਕਰ ਕੇ ਉਕਤ ਕਥਿਤ ਦੋਸ਼ੀ ਨੂੰ ਪੁਲਿਸ ਹਵਾਲੇ ਕਰ ਦਿਤਾ। ਲੋਕਾਂ ਨੇ ਦਸਿਆ ਕਿ ਕਥਿਤ ਦੋਸ਼ੀ ਨੇ ਪੁੱਛਗਿੱਛ ਦੌਰਾਨ ਅਪਣਾ ਪਿੰਡ ਝੰਡੂਕੇ ਦਸਿਆ ਹੈ ਜੋ ਕਥਿਤ ਘਟਨਾ ਵਾਲੀ ਥਾਂ ਦੇ ਸਾਹਮਣੇ ਇਥੋਂ ਦੇ ਮਸ਼ਹੂਰ ਡੇਰੇ ਵਿਚ ਲੱਕੜਾਂ ਕੱਟਣ ਦਾ ਕੰਮ ਕਰਿਆ ਕਰਦਾ ਦਸਿਆ ਜਾਂਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਕਥਿਤ ਦੋਸ਼ੀ ਨੇ ਇਹ ਮੰਨਿਆ ਕਿ ਉਸ ਨੂੰ ਇਹ ਤਿੰਨ ਗੁਟਕਾ ਸਾਹਿਬ ਪਾਠ ਕਰਨ ਲਈ ਡੇਰੇ ਵਿਚੋਂ ਪ੍ਰਾਪਤ ਹੋਏ ਸਨ। ਸਿੱਖ ਸੰਗਤਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਡੇਰੇ ਵਲੋਂ ਸ਼ਰਾਬੀ ਵਿਅਕਤੀ ਨੂੰ ਗੁਟਕਾ ਸਾਹਿਬ ਦੇਣਾ ਜਾਂ ਗੁਰਬਾਣੀ ਦੇ ਪਵਿੱਤਰ ਗੁਟਕਿਆਂ ਦੀ ਸਾਂਭ ਸੰਭਾਲ ਨਾ ਕਰਨਾ ਬੇਹੱਦ ਮੰਦਭਾਗਾ ਹੈ। ਇਹ ਗੁਟਕਾ ਸਾਹਿਬ ਜਿਨ੍ਹਾਂ ਦੀ ਗਿਣਤੀ ਤਿੰਨ ਦਸਿਆ ਜਾਂਦਾ ਹੈ ਉਕਤ ਵਿਅਕਤੀ ਨੂੰ ਡੇਰੇ ਵਿਚੋਂ ਹੀ ਪ੍ਰਾਪਤ ਹੋਏ ਇਸ ਦੀ ਪੁਸ਼ਟੀ ਨਹੀਂ ਹੋ ਸਕੀ।
ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ ਸਬੰਧੀ ਜਥੇਦਾਰ ਧਿਆਨ ਸਿੰਘ ਮੰਡ ਅਪਣੇ ਸਾਥੀਆਂ ਸਮੇਤ ਪਿੰਡ ਸੁਖਾਨੰਦ ਦੇ ਡੇਰਾ ਭੌਰੇ ਵਾਲਾ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਪਹੁੰਚੇ ਹੋਏ ਡੀ.ਐਸ.ਪੀ ਜਸਬਿੰਦਰ ਸਿੰਘ ਖਹਿਰਾ ਬਾਘਾ ਪੁਰਾਣਾ, ਐਸ.ਐਚ.ਓ ਸਮਾਲਸਰ ਇਕਬਾਲ ਸਿੰਘ ਅਤੇ ਇਕੱਤਰ ਹੋਈ ਨਗਰ ਦੀ ਸੰਗਤ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਪ੍ਰਾਪਤ ਕੀਤੀ। ਜਾਣ ਸਮੇਂ ਉਨ੍ਹਾਂ ਡੇਰੇ ਦੇ ਮੁਖੀ ਬਾਬਾ ਕੁਲਵੰਤ ਸਿੰਘ ਨਾਲ ਗੱਲਬਾਤ ਕਰਦਿਆਂ ਹੋਈ ਬੇਅਦਬੀ ਦੇ ਸਬੰਧ ਵਿਚ ਪਸ਼ਚਾਤਾਪ ਵਜੋਂ ਅਰਦਾਸ ਬੇਨਤੀ ਕਰਨ ਸਬੰਧੀ ਵੀ ਵਿਚਾਰਾਂ ਕੀਤੀਆਂ।