
ਹਿੰਮਤੀ ਮਾਂ ਨੇ ਇਕੱਲਿਆਂ ਪਾਲੇ ਬੱਚੇ, ਖ਼ੁਦ ਚਲਾਉਂਦੀ ਹੈ ਛੋਟਾ ਹਾਥੀ
ਅਬੋਹਰ (ਰਮਨਦੀਪ ਕੌਰ ਸੈਣੀ, ਅਵਤਾਰ ਸਿੰਘ) : ਬੇ-ਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ... ਉੱਗਣ ਵਾਲੇ ਉੱਗ ਪੈਂਦੇ ਪਾੜ ਕੇ ਸੀਨਾ ਪੱਥਰਾਂ ਦਾ.. ਇਨ੍ਹਾਂ ਸਤਰਾਂ ਨੂੰ ਅਬੋਹਰ ਦੀ ਰਹਿਣ ਵਾਲੀ ਪਿੰਕੀ ਨੇ ਸੱਚ ਸਾਬਤ ਕਰ ਵਿਖਾਇਆ ਹੈ। ਜੋ ਤਲਾਕ ਹੋਣ ਤੋਂ ਬਾਅਦ ਇਕੱਲਿਆਂ ਮਿਹਨਤ ਕਰ ਕੇ ਅਪਣੇ ਬੱਚਿਆਂ ਨੂੰ ਪਾਲ ਰਹੀ ਹੈ। ਪਿੰਕੀ ਦਾ ਪਰਵਾਰ ਦਿਹਾੜੀ-ਮਜ਼ਦੂਰੀ ਕਰਦਾ ਹੈ। ਉਸ ਦੇ ਪਰਵਾਰ ਵਿਚ ਦੋ ਭਰਾ ਤੇ ਇਕ ਭੈਣ ਹੈ। ਉਹ ਖ਼ੁਦ ਇਕ ਬੇਟੀ ਤੇ ਇਕ ਬੇਟੇ ਦੀ ਮਾਂ ਹੈ। ਪਤੀ ਨਾਲ ਤਲਾਕ ਹੋਣ ਤੋਂ ਬਾਅਦ ਉਸ ਨੇ ਹਿੰਮਤ ਨਹੀਂ ਹਾਰੀ। ਉਸ ਨੇ ਮਿਹਨਤ ਕਰ ਕੇ ਲੋਕਾਂ ਲਈ ਮਿਸਾਲ ਬਣੀ ਹੈ। ਉਸ ਦੀ ਜ਼ਿੰਦਗੀ ਤੇ ਸੰਘਰਸ਼ ਬਾਰੇ ਗੱਲਬਾਤ ਕਰਨ ਉਸ ਦੇ ਘਰ ਰੋਜ਼ਾਨਾ ਸਪੋਕਸਮੈਨ ਦਾ ਪੱਤਰਕਾਰ ਪਹੁੰਚਿਆ।
ਪਿੰਕੀ ਨੇ ਦਸਿਆ ਕਿ ਮੇਰਾ ਪੇਕਾ ਪਰਵਾਰ ਮਿਹਨਤ-ਮਜ਼ਦੂਰੀ ਕਰਦਾ ਸੀ। ਪਿੰਕੀ ਦੋ ਭਰਾਵਾਂ ਤੇ ਇਕ ਭੈਣ ਨਾਲੋਂ ਵੱਡੀ ਹੈ। ਪਤੀ ਨਾਲ ਤਲਾਕ ਤੇ ਪਿਤਾ ਦੀ ਮੌਤ ਤੋਂ ਬਾਅਦ ਘਰ ’ਚ ਸੱਭ ਤੋਂ ਵੱਡੀ ਹੋਣ ਕਾਰਨ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ਪੈ ਗਈ। ਪਿੰਕੀ ਨੇ ਦਸਿਆ ਕਿ ਉਸ ਦਾ ਪਤੀ ਨਸ਼ਾ ਕਰਨ ਦਾ ਆਦੀ ਸੀ ਜਿਸ ਕਾਰਨ ਉਸ ਨੇ ਤਲਾਕ ਲੈ ਲਿਆ ਸੀ।
ਪਿੰਕੀ ਨੇ ਦਸਿਆ ਕਿ ਉਸ ਨੇ ਦਿਹਾੜੀ-ਮਜ਼ਦੂਰੀ ਕਰ ਕੇ ਪੈਸੇ ਇਕੱਠੇ ਕੀਤੇ। ਡਰਾਈਵਿੰਗ ਸਿਖੀ ਤੇ ਫਿਰ ਲੋਨ ਲੈ ਕੇ ਛੋਟਾ ਹਾਥੀ ਖਰੀਦਿਆ। ਪਿੰਕੀ ਨੇ ਕਿਹਾ ਕਿ ਔਰਤ ਕਿਸੇ ਮਰਦ ਨਾਲ ਘੱਟ ਨਹੀਂ ਹੁੰਦੀ। ਮਜਬੂਰੀ ਤੇ ਹਲਾਤ ਇਨਸਾਨ ਤੋਂ ਉਹ ਸੱਭ ਕੁੱਝ ਕਰਵਾ ਦਿੰਦੇ ਹਨ ਜੋ ਉਸ ਨੇ ਕਦੇ ਸੋਚਿਆ ਨਹੀਂ ਹੁੰਦਾ।
ਪਿੰਕੀ ਨੇ ਦਸਿਆ ਕਿ ਪਹਿਲਾ ਗੱਡੀ ਚਲਾਉਣ ਲਈ ਡਰਾਈਵਰ ਰਖਿਆ ਸੀ ਪਰ ਲੋਨ ਤੇ ਡਰਾਈਵਰ ਦੀ ਤਨਖ਼ਾਹ ਦੇਣ ਤੋਂ ਬਾਅਦ ਕੁੱਝ ਨਹੀਂ ਬਚਦਾ ਸੀ। ਉਸ ਤੋਂ ਬਾਅਦ ਫ਼ੈਸਲਾ ਕੀਤਾ ਕਿ ਜੇਕਰ ਡਰਾਈਵਰ ਨੂੰ ਤਨਖਾਹ ਦੇਣ ਦੀ ਬਜਾਏ ਆਪ ਗੱਡੀ ਚਲਾਵਾਂਗੇ ਤਾਂ ਥੋੜਾ ਤਨਖ਼ਾਹ ਵਿਚ ਵੀ ਵਾਧਾ ਹੋਵੇਗਾ। ਉਸ ਤੋਂ ਬਾਅਦ ਹੋਰ ਗੱਡੀਆਂ ਖਰੀਦੀਆਂ। ਦੋ ਗੱਡੀਆਂ ’ਤੇ ਡਰਾਈਵਰ ਰੱਖੇ ’ਤੇ ਇਕ ਆਪ ਚਲਾਉਣੀ ਸ਼ੁਰੂ ਕਰ ਦਿਤੀ। ਪਿੰਕੀ ਨੇ ਦਸਿਆ ਕਿ ਉਸ ਨੇ ਮਿਹਨਤ ਕਰ ਕੇ ਚਾਰ ਗੱਡੀਆਂ ਖਰੀਦ ਲਈਆਂ ਹਨ। ਦੋ ਗੱਡੀਆਂ ਦੇ ਲੋਨ ਉਤਾਰ ਦਿਤੇ ਤੇ ਦੋ ਗੱਡੀਆਂ ਦੇ ਬਾਕੀ ਰਹਿ ਗਏ ਹਨ। ਪਿੰਕੀ ਨੇ ਕਿਹਾ ਕਿ ਅਸੀਂ ਜੋ ਬੁਰਾ ਤੇ ਤੰਗੀ ਭਰਿਆ ਸਮਾਂ ਵੇਖਿਆ ਉਹ ਮੇਰੇ ਬੱਚੇ ਨਾ ਵੇਖਣ।
ਪਿੰਕੀ ਨੇ ਦਸਿਆ ਕਿ ਉਹ ਗੱਡੀ ਲੈ ਕੇ ਰਾਜਸਥਾਨ, ਹਰਿਆਣਾ ਤੋਂ ਇਲਾਵਾ ਹੋਰ ਦੂਰ-ਦੂਰ ਦੇ ਸ਼ਹਿਰਾਂ ਵਿਚ ਜਾ ਚੁਕੀ ਹੈ। ਉਸ ਨੇ ਦਸਿਆ ਕਿ ਕੁੱਝ ਲੋਕ ਇਸ ਕੰਮ ਲਈ ਹੌਂਸਲਾ ਅਫ਼ਜ਼ਾਈ ਕਰਦੇ ਹਨ ਤੇ ਕੱੁਝ ਇਸ ਨੂੰ ਮਾੜਾ ਕਹਿੰਦੇ ਹਨ ਕਿ ਕੁੜੀ ਹੋ ਕੇ ਅਜਿਹੇ ਕੰਮ ਕਰ ਰਹੀ ਹੈ। ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਮੇਰਾ ਪਿਛੋਕੜ ਕੀ ਹੈ। ਮੈਂ ਇਸ ਲਾਈਨ ਵਿਚ ਆ ਕੇ ਹੀ ਰੋਜ਼ੀ-ਰੋਟੀ ਲਈ ਕਮਾਉਣੀ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਮਿਹਨਤ ਕਰਨ ’ਚ ਕੋਈ ਸ਼ਰਮ ਨਹੀਂ ਹੈ ਤੇ ਨਾ ਹੀ ਕੋਈ ਕੰਮ ਛੋਟਾ ਜਾਂ ਵੱਡਾ ਹੈ।
ਪਿੰਕੀ ਨੇ ਦਸਿਆ ਕਿ ਗੱਡੀ ’ਚ ਕੋਈ ਵੀ ਸਮਾਨ ਲੋਡਿੰਗ ਤੋਂ ਪਹਿਲਾਂ ਮੰਡੀ ਤਕ ਪਹੁੰਚਾਉਣ ਦਾ ਸਮਾਂ ਤੈਅ ਕੀਤਾ ਜਾਂਦਾ ਹੈ ਤੇ ਉਹ ਸਮੇਂ ਤੋਂ ਪਹਿਲਾਂ ਹੀ ਸਮਾਨ ਮੰਡੀ ਵਿਚ ਪਹੁੰਚਾ ਦਿੰਦੀ ਸੀ। ਹੁਣ ਗੱਡੀਆਂ ਵਧ ਜਾਣ ਕਾਰਨ ਕੰਮ ਦੀ ਮੰਦੀ ਚਲ ਰਹੀ ਹੈ ਜਿਸ ਕਾਰਨ ਗੱਡੀ ਤੋਂ ਸਿਰਫ਼ ਕਿਸ਼ਤ ਜਾਂ ਘਰ ਦਾ ਥੋੜਾ ਖਰਚ ਹੀ ਨਿਕਲਦਾ ਹੈ। ਦਸਿਆ ਕਿ ਪਰਵਾਰ ਦਾ ਪਾਲਣ-ਪੋਸ਼ਣ ਹਾਲੇ ਵੀ ਔਖਾ ਚਲ ਰਿਹਾ ਹੈ ਕਿਉਂਕਿ ਹਾਲੇ ਲੋਨ ਵੀ ਉਤਾਰਨਾ ਹੈ ਤੇ ਘਰ ਵੀ ਬਣਾਉਣਾ ਤੇ ਬੱਚਿਆਂ ਦਾ ਭਵਿੱਖ ਵੀ ਵੇਖਣਾ ਹੈ।
ਪਿੰਕੀ ਨੇ ਕਿਹਾ ਕਿ ਸਾਰੇ ਕੰਮ ਔਰਤਾਂ ਤੇ ਮਰਦਾਂ ਲਈ ਬਰਾਬਰ ਹਨ। ਮਜਬੂਰੀ ’ਚ ਆ ਕੇ ਲੋਕਾਂ ਨੂੰ ਕੋਈ ਵੀ ਗ਼ਲਤ ਕਦਮ ਨਹੀਂ ਚੁਕਣਾ ਚਾਹੀਦਾ ਸਗੋਂ ਮਿਹਨਤ ਕਰ ਕੇ ਅੱਗੇ ਵਧਣਾ ਚਾਹੀਦਾ ਹੈ।