
Punjab News: ਸਿਬਿਨ ਸੀ ਨੇ ਸਵੀਪ ਟੀਮਾਂ ਅਤੇ ਸੋਸ਼ਲ ਮੀਡੀਆ ਨੋਡਲ ਅਫਸਰਾਂ ਨੂੰ "ਇਸ ਵਾਰ 70 ਪਾਰ" ਦੀ ਪ੍ਰਾਪਤੀ ਨੂੰ ਯਕੀਨੀ ਬਣਾਉਣ ਲਈ ਕੀਤਾ ਉਤਸ਼ਾਹਿਤ
PUNJAB CEO ANNOUNCES INCENTIVES FOR BLOS OF RS. 5000 FOR ENHANCED VOTER TURNOUT: ਸਵੀਪ (ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ) ਟੀਮਾਂ ਅਤੇ ਸੋਸ਼ਲ ਮੀਡੀਆ ਦੇ ਜ਼ਿਲ੍ਹਾ ਨੋਡਲ ਅਫਸਰਾਂ ਨਾਲ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਐਲਾਨ ਕੀਤਾ ਹੈ ਕਿ ਜਿਹੜੇ ਬੂਥ ਲੈਵਲ ਅਫਸਰ (ਬੀ.ਐਲ.ਓਜ਼) ਆਪੋ-ਆਪਣੇ ਬੂਥਾਂ 'ਤੇ ਵੋਟਿੰਗ ਪ੍ਰਤੀਸ਼ਤ ਵਧਾਉਣਗੇ, ਉਨ੍ਹਾਂ ਨੂੰ ਦਫ਼ਤਰ ਵੱਲੋਂ ਇਨਾਮੀ ਰਾਸ਼ੀ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ 2019 ਦੇ ਮੁਕਾਬਲੇ 10 ਫ਼ੀਸਦੀ ਜਾਂ ਇਸ ਤੋਂ ਵੱਧ ਵੋਟਰ ਪ੍ਰਤੀਸ਼ਤਤਾ ਵਿੱਚ ਵਾਧਾ ਕਰਨ ਵਾਲੇ ਬੀ.ਐਲ.ਓਜ਼ ਨੂੰ 5000 ਰੁਪਏ ਦਾ ਨਕਦ ਇਨਾਮ ਅਤੇ ਸੂਬਾ ਪੱਧਰੀ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਬੂਥਾਂ ਉੱਤੇ ਵੋਟਿੰਗ ਪ੍ਰਤੀਸ਼ਤ 75 ਫ਼ੀਸਦੀ ਤੋਂ ਵੱਧ ਹੋਵੇਗੀ, ਉੱਥੋਂ ਦੇ ਬੀ.ਐਲ.ਓਜ਼ ਨੂੰ ਵੀ 5000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੀ.ਐਲ.ਓਜ਼ ਵੋਟਰ ਸਲਿੱਪਾਂ ਅਤੇ ‘ਵੋਟਿੰਗ ਸੱਦਾ ਪੱਤਰ’ ਘਰ-ਘਰ ਜਾ ਕੇ ਖੁਦ ਵੰਡਣ ਅਤੇ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਨਾ ਸੌਂਪੀ ਜਾਵੇ। ਇਸ ਮੌਕੇ ਉਨ੍ਹਾਂ ਬੀ.ਐਲ.ਓਜ਼ ਅਤੇ ਸਵੀਪ ਟੀਮਾਂ ਦੀ ਹੁਣ ਤੱਕ ਕੀਤੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਅਪੀਲ ਕੀਤੀ ਕਿ ਸਾਰੇ ਜ਼ਿਲ੍ਹੇ "ਇਸ ਵਾਰ 70 ਪਾਰ" ਦੇ ਟੀਚੇ ਦੀ ਪ੍ਰਾਪਤੀ ਲਈ ਵੋਟਾਂ ਪੈਣ ਤੱਕ ਆਪਣੀਆਂ ਗਤੀਵਿਧੀਆਂ ਜ਼ੋਰ-ਸ਼ੋਰ ਨਾਲ ਜਾਰੀ ਰੱਖਣ।
ਮੀਟਿੰਗ ਦੌਰਾਨ ਵਧੀਕ ਮੁੱਖ ਚੋਣ ਅਧਿਕਾਰੀ ਹਰੀਸ਼ ਨਈਅਰ ਨੇ ਕਿਹਾ ਕਿ ਜ਼ਿਲ੍ਹਾ ਸਵੀਪ ਅਤੇ ਸੋਸ਼ਲ ਮੀਡੀਆ ਟੀਮਾਂ ਪੋਲਿੰਗ ਸਟੇਸ਼ਨਾਂ, ਮਾਡਲ ਬੂਥਾਂ, ਔਰਤਾਂ ਤੇ ਦਿਵਿਆਂਗ ਵਿਅਕਤੀਆਂ ਲਈ ਬੂਥਾਂ 'ਤੇ ਮੁਹੱਈਆ ਕਰਵਾਈਆਂ ਗਈਆਂ ਸਹੂਲਤਾਂ ਅਤੇ ਹੋਰ ਪਹਿਲਕਦਮੀਆਂ ਦੀ ਫੋਟੋਗ੍ਰਾਫੀ/ਵੀਡੀਓਗ੍ਰਾਫੀ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਵੋਟਰਾਂ ਦੇ ਅਨੁਭਵ ਤੇ ਪ੍ਰਤੀਕਿਰਿਆਵਾਂ ਵੀ ਰਿਕਾਰਡ ਕੀਤੀਆਂ ਜਾਣ। ਵਧੀਕ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਜ਼ਿਲ੍ਹਿਆਂ ਵੱਲੋਂ ਭੇਜੀਆਂ ਬਿਹਤਰੀਨ ਫੋਟੋਆਂ/ਵੀਡੀਓਜ਼ ਚੋਣ ਕਮਿਸ਼ਨ ਨੂੰ ਭੇਜੀਆਂ ਜਾਣਗੀਆਂ।