
ਦਿੱਲੀ ਵਿਚ ਕਤਲ ਕੀਤੀ ਗਈ ਫ਼ੌਜੀ ਅਧਿਕਾਰੀ ਦੀ ਪਤਨੀ ਸ਼ੈਲਜਾ ਦਿਵੇਦੀ ਦਾ ਅੱਜ ਇਥੇ ਦੁਰਗਿਆਣਾ ਮੰਦਰ ਸ਼ਮਸ਼ਾਨਘਾਟ ਵਿਚ ਸਸਕਾਰ ਕੀਤਾ ਗਿਆ। ਇਸ ...
ਅੰਮ੍ਰਿਤਸਰ, ਦਿੱਲੀ ਵਿਚ ਕਤਲ ਕੀਤੀ ਗਈ ਫ਼ੌਜੀ ਅਧਿਕਾਰੀ ਦੀ ਪਤਨੀ ਸ਼ੈਲਜਾ ਦਿਵੇਦੀ ਦਾ ਅੱਜ ਇਥੇ ਦੁਰਗਿਆਣਾ ਮੰਦਰ ਸ਼ਮਸ਼ਾਨਘਾਟ ਵਿਚ ਸਸਕਾਰ ਕੀਤਾ ਗਿਆ। ਇਸ ਮੌਕੇ ਪਰਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੋਂ ਇਲਾਵਾ ਇਲਾਕੇ ਦੀਆਂ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਸ਼ੈਲਜਾ ਦੀ ਹਤਿਆ ਤੋਂ ਬਾਅਦ ਪਰਵਾਰ ਡੂੰਘੇ ਸਦਮੇ ਵਿਚ ਹੈ। ਉਹ ਅਗਲੇ ਕੁਝ ਦਿਨਾਂ ਵਿਚ ਅਪਣੇ ਬੇਟੇ ਤੇ ਹੋਰਨਾਂ ਨਾਲ ਅੰਮ੍ਰਿਤਸਰ ਵਿਖੇ ਤਬਦੀਲ ਹੋਣ ਦੀ ਤਿਆਰੀ ਕਰ ਰਹੀ ਸੀ ਕਿਉਂਕਿ ਉਸ ਦੇ ਪਤੀ ਅਮਿਤ ਦਿਵੇਦੀ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ਤਹਿਤ ਸੁਡਾਨ ਜਾ ਰਹੇ ਸਨ।
ਇਸ ਲਈ ਸ਼ੈਲਜਾ ਦੇ ਪਤੀ ਵਲੋਂ ਅਪਣੇ ਪਰਵਾਰ ਦੇ ਅੰਮ੍ਰਿਤਸਰ ਵਿਚ ਰਹਿਣ ਵਾਸਤੇ ਅਪੀਲ ਕੀਤੀ ਗਈ ਸੀ, ਜਿਸ ਦੀ ਪ੍ਰਵਾਨਗੀ ਵੀ ਮਿਲ ਚੁਕੀ ਸੀ। ਅੱਜ ਸਸਕਾਰ ਮੌਕੇ ਸ਼ਮਸ਼ਾਨਘਾਟ ਵਿਚ ਮਾਹੌਲ ਬੇਹੱਦ ਗ਼ਮਗੀਨ ਹੋ ਗਿਆ।ਮ੍ਰਿਤਕਾ ਦੇ ਭਰਾ ਸੁਕਰਨ ਕਾਲੀਆ ਜੋ ਕਿ ਪੁਤਲੀਘਰ ਵਿਖੇ ਰਹਿੰਦੇ ਨੇ ਦਸਿਆ ਕਿ ਪਰਵਾਰ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਆਉਣ ਦਾ ਬੇਹੱਦ ਚਾਅ ਸੀ। ਅਮਿਤ ਦੇ ਤਬਾਦਲੇ ਕਾਰਨ ਪਰਵਾਰ ਇਥੇ ਛਾਉਣੀ ਖੇਤਰ ਵਿਚ ਤਬਦੀਲ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਘਟਨਾ ਬਾਰੇ ਖ਼ਬਰ ਮਿਲਣ ਮੌਕੇ ਉਹ ਸ਼ਿਮਲਾ ਵਿਖੇ ਛੁੱਟੀਆਂ ਮਨਾਉਣ ਗਏ ਹੋਏ ਸਨ।
ਸ਼ਿਮਲਾ ਵਿਚ ਹੀ ਉਨ੍ਹਾਂ ਨੂੰ ਮ੍ਰਿਤਕਾ ਦੇ ਪਤੀ ਅਮਿਤ ਨੇ ਫ਼ੋਨ ਰਾਹੀਂ ਸੂਚਨਾ ਦਿਤੀ ਕਿ ਉਹ ਲਾਪਤਾ ਹੈ ਅਤੇ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ। ਸੁਕਰਨ ਨੇ ਇਸ ਕਤਲ ਪਿਛੇ ਦਿੱਲੀ ਪੁਲਿਸ ਦੇ ਨਾਜਾਇਜ਼ ਸਬੰਧਾਂ ਦੇ ਕੀਤੇ ਜਾ ਰਹੇ ਦਾਅਵੇ ਨੂੰ ਨਕਾਰ ਦਿਤਾ। ਉਨ੍ਹਾਂ ਕਿਹਾ ਕਿ ਸ਼ੈਲਜਾ ਪਰਵਾਰ ਨੂੰ ਪੂਰੀ ਤਰ੍ਹਾਂ ਸਮਰਪਤ ਸੀ। ਸਸਕਾਰ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਵੀ ਹਾਜ਼ਰ ਸਨ।