
ਅੱਜ ਦੇ ਦੌਰ ਵਿਚ ਨੌਜਵਾਨ ਪੀੜ੍ਹੀ ਨੂੰ ਖੇਡਾਂ ਅਤੇ ਸਮਾਜ ਸੇਵੀ ਕੰਮਾਂ ਵੱਲ ਲਗਾਉਣਾ ਸਮੇਂ ਦੀ ਮੁੱਖ ਲੋੜ.........
ਸ੍ਰੀ ਅਨੰਦਪੁਰ ਸਾਹਿਬ, 26 ਜੂਨ (ਸੁਖਵਿੰਦਰਪਾਲ ਸਿੰਘ ਸੁੱਖੂ): ਅੱਜ ਦੇ ਦੌਰ ਵਿਚ ਨੌਜਵਾਨ ਪੀੜ੍ਹੀ ਨੂੰ ਖੇਡਾਂ ਅਤੇ ਸਮਾਜ ਸੇਵੀ ਕੰਮਾਂ ਵੱਲ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਕਈ ਵਾਰ ਨੌਜਵਾਨ ਮਾੜੀ ਸੰਗਤ ਵਿਚ ਪੈ ਕੇ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਪੈ ਜਾਂਦੇ ਹਨ, ਜਿਨ੍ਹਾਂ ਵਿਚੋਂ ਨਸ਼ਿਆਂ ਦਾ ਆਦੀ ਹੋਣਾ ਵੀ ਸ਼ਾਮਲ ਹੈ। ਸਮਾਜ ਸੇਵੀ ਸੰਗਠਨ ਪਿੰਡਾ ਦੇ ਪੰਚ ਸਰਪੰਚ ਅਤੇ ਕੌਂਸਲਰ ਇਸ ਲਈ ਉਸਾਰੂ ਭੂਮਿਕਾ ਨਿਭਾ ਸਕਦੇ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਪ ਮੰਡਲ ਮੈਜਿਟਰੇਟ ਰਕੇਸ਼ ਕੁਮਾਰ ਗਰਗ ਪੀ ਸੀ ਐਸ ਨੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਅੰਤਰ ਰਾਸ਼ਟਰੀ ਨਸ਼ੇ ਅਤੇ ਮਨੁੱਖੀ ਤਸਕਰੀ ਵਿਰੋਧੀ ਦਿਵਸ ਮੌਕੇ ਉਪ ਮੰਡਲ ਦੇ ਮੀਟਿੰਗ ਹਾਲ ਵਿਚ ਅਯੋਜਤ ਇਕ ਸੈਮੀਨਾਰ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਦਾ ਮਕਸਦ ਜਿਥੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਾਹਣਤ ਪ੍ਰਤੀ ਜਾਗਰੂਕ ਕਰਨਾ ਹੈ ਉਥੇ ਹੀ ਨੌਜਵਾਨਾਂ ਨੂੰ ਚੰਗੀ ਸਿਹਤ, ਸਿਖਿਆ ਅਤੇ ਖੇਡਾਂ ਨਾਲ ਜੋੜਨਾ ਵੀ ਹੈ ਜਿਸ ਲਈ ਸਰਪੰਚਾਂ ਪੰਚਾਂ ਨੂੰ ਇਕ ਲੋਕ ਲਹਿਰ ਚਲਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਨੌਜਵਾਨਾਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਲਈ ਪ੍ਰੇਰਤ ਕਰਨਾ ਵੀ ਹੈ। ਇਸ ਮੌਕੇ ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਜੀਵਨ ਵਿਚ ਅੱਗੇ ਵੱਧਣ ਲਈ ਚੰਗੀ ਸਿਹਤ ਹੋਣ ਦੇ ਨਾਲ-ਨਾਲ ਸਿਖਿਅਤ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਸਿਖਿਅਤ ਇਨਸਾਨ ਹੀ ਕਿਸੇ ਵੀ ਮੁਕਾਮ ਨੂੰ ਹਾਸਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਪੁਲਿਸ ਸਮਾਜ ਸੇਵੀ ਸੰਗਠਨਾਂ ਅਤੇ ਪੰਚਾਂ ਸਰਪੰਚਾਂ ਦੇ ਸਹਿਯੋਗ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢ ਕੇ ਉਨ੍ਹਾਂ ਨੂੰ ਖੇਡਾਂ ਨਾਲ ਜੋੜਨ ਪ੍ਰਤੀ ਵਚਨਬੱਧ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਸ਼ਿਵ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਈ ਪ੍ਰੋਗਰਾਮ ਉਲੀਕੇ ਹਨ ਸਾਡੇ ਸਰਕਾਰੀ ਹਸਪਤਾਲਾਂ ਵਿਚ ਇਸ ਦੇ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਜਿਥੇ ਮਾਹਰ ਡਾਕਟਰ ਨੌਜਵਾਨਾਂ ਨੂੰ ਇਸ ਕੋਹੜ ਤੋਂ ਛੁਟਕਾਰਾ ਦਵਾਉਣ ਵਿਚ ਲੱਗੇ ਹੋਏ ਹਨ। ਇਸ ਮੌਕੇ ਰਣਜੀਤ ਸਿੰਘ ਐਨਸੀਸੀ ਕਮਾਂਡਰ ਨੇ ਕਿਹਾ ਕਿ ਵਾਰਡ ਅਤੇ ਮਹੱਲਾ ਪੱਧਰ ਤਕ ਇਸ ਜਾਗਰੂਕਤਾ ਅਭਿਆਨ ਨੂੰ ਚਲਾ ਕੇ ਪ੍ਰਸ਼ਾਸਨ
ਨੇ ਨੌਜਵਾਨਾਂ ਦੇ ਭਵਿੱਖ ਨੂੰ ਸਵਾਰਨ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇਸ ਮੌਕੇ ਤਹਿਸੀਲਦਾਰ ਸੁਰਿੰਦਰਪਾਲ ਸਿੰਘ, ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਅਮਨਦੀਪ ਚਾਵਲਾ, ਐਸ.ਐਮ.ਓ. ਡਾ. ਸ਼ਿਵ ਕੁਮਾਰ ਖੇਤੀਬਾੜੀ ਅਫ਼ਸਰ ਅਵਤਾਰ ਸਿੰਘ, ਐਸ.ਡੀ.ਓ. ਰਮਨਦੀਪ ਸਿੰਘ, ਸੀ.ਡੀ.ਪੀ.ਓ. ਕ੍ਰਿਸ਼ਨਾ ਅਤਰੀ ਆਦਿ ਅਧਿਕਾਰੀ ਅਤੇ ਪਿੰਡਾ ਦੇ ਸਰਪੰਚ-ਪੰਚ ਵੱਡੀ ਗਿਣਤੀ ਵਿਚ ਹਾਜ਼ਰ ਸਨ।