
ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ ਦੀ ਅਗਵਾਈ........
ਮੋਗਾ : ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਸਥਾਨਕ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਸੂਬਾ ਸਰਕਾਰ ਵੱਲੋਂ ਪੈਟਰੋਲ ਅਤੇ ਡੀਜਲ ਉੱਪਰ ਲਗਾਏ ਬੇਹਿਸਾਬ ਟੈਕਸ ਨੂੰ ਹਟਾਉਣ ਅਤੇ ਪੈਟਰੋਲ ਤੇ ਡੀਜਲ ਨੂੰ ਜੀ.ਐਸ.ਟੀ ਦੇ ਘੇਰੇ 'ਚ ਲਿਆਉਣ ਲਈ ਇੱਕ ਵਿਸ਼ੇਸ਼ ਜਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀਦਲ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਿਰਕਤ ਕੀਤੀ।
ਗੁਰਦੁਆਰਾ ਸਾਹਿਬ ਵਿਖੇ ਸੰਬੋਧਨ ਕਰਦਿਆ ਜੱਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਉਪਰ ਪੰਜਾਬ ਸਰਕਾਰ ਵਲੋਂ ਲਗਾਏ ਟੈਕਸ ਕਾਰਨ ਆਮ ਆਦਮੀ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਜਿਥੇ ਡੀਜ਼ਲ ਦੇ ਮਹਿੰਗੇ ਰੇਟਾਂ ਕਰਕੇ ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਕਿਸਾਨੀ ਉਤੇ ਬਹੁਤ ਮਾੜਾ ਅਸਰ ਪਿਆ ਹੈ ਉਥੇ ਟਰਾਂਸਪੋਰਟ ਸੈਕਟਰ ਅਤੇ ਅਵਾਜਾਈ ਲਈ ਵਰਤੇ ਜਾਂਦੇ ਸਾਰੇ ਸਾਧਨਾ ਉਪਰ ਇਸ ਦਾ ਮਾੜਾ ਅਸਰ ਪਿਆ ਹੈ।
ਜੱਥੇ. ਤੋਤਾ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਲਈ ਕੇਂਦਰ ਸਰਕਾਰ ਨੂੰ ਜਿੰਮੇਵਾਰ ਠਹਿਰਾ ਰਹੀ ਹੈ ਜਦਕਿ ਸੂਬਾ ਸਰਕਾਰ ਖ਼ੁਦ ਪੈਟਰੋਲ 'ਤੇ 35 % ਅਤੇ ਡੀਜ਼ਲ 'ਤੇ 17.34 ਪ੍ਰਤੀਸ਼ਤ ਵਸੂਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਟੈਕਸ ਨੂੰ ਘਟਾ ਕੇ ਅਤੇ ਪੈਟਰੋਲ ਤੇ ਡੀਜ਼ਲ ਨੂੰ ਜੀ.ਐਸ.ਟੀ. ਦੇ ਘੇਰੇ 'ਚ ਲਿਆਉਣਾ ਚਾਹੀਦਾ ਹੈ ਜਿਸ ਨਾਲ ਪੰਜਾਬੀਆਂ ਨੂੰ ਰਾਹਤ ਮਿਲੇਗੀ। ਉਨ੍ਹਾਂ ਪੰਜਾਬ ਅੰਦਰ ਕਈ ਵੱਖ-ਵੱਖ ਸੂਬਿਆ ਦਾ ਹਵਾਲਾ ਦਿੰਦਿਆ ਦੱਸਿਆ ਜਿਥੇ ਪੈਟਰੋਲ ਅਤੇ ਡੀਜਲ ਪੰਜਾਬ ਨਾਲੋ ਸਸਤਾ ਅਤੇ ਉਥੇ ਟੈਕਸ ਘੱਟ ਵਸੂਲਿਆ ਜਾਂਦਾ ਹੈ।
ਜੱਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਇੰਨ੍ਹਾਂ ਕੀਮਤਾਂ ਨੂੰ ਘਟਾਉਣ ਲਈ ਕੋਈ ਉਸਾਰੂ ਯਤਨ ਕਰਨ ਦੀ ਬਜਾਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਰਾਂਹੀ ਭੰਡੀਂ-ਪ੍ਰਚਾਰ ਕਰਕੇ ਠੀਕਰਾ ਕੇਂਦਰ ਉਤੇ ਭੰਨ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮਹਿਸਸ ਕਰਕੇ ਹਾਂ ਕਿ ਸੂਬਾ ਸਰਕਾਰ ਅਤੇ ਕਾਂਗਰਸ ਪਾਰਟੀ ਦਾ ਵਰਤਾਰਾ ਬਹੁਤ ਹੀ ਗੁੰਮਰਾਹਕੁੰਨ, ਗੈਰ-ਜਿੰਮੇਵਾਰਾਨਾ ਅਤੇ ਘਟੀਆਂ ਸਿਆਸੀ ਰਾਜਨੀਤੀ ਤੋਂ ਪ੍ਰੇਰਿਤ ਹੈ। ਇਸ ਤੋਂ ਬਾਅਦ ਵੱਡੇ ਕਾਫ਼ਲੇ ਦੇ ਰੂਪ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਜੱਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ ਜਿਥੇ ਡਿਪਟੀ ਕਮਿਸ਼ਨਰ ਰਾਹੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੰਗ ਪੱਤਰ ਵੀ ਦਿੱਤਾ ਗਿਆ। ਇਸ ਉਪਰੰਤ ਸਾਬਕਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਬਰਜਿੰਦਰ ਸਿੰਘ ਐਡਵੋਕੇਟ (ਮੱਖਣ ਬਰਾੜ) ਨੇ ਵੀ ਸੰਬੋਧਨ ਕੀਤਾ ਅਤੇ ਆਏ ਸਮੂਹ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜੱਥੇਦਾਰ ਤੀਰਥ ਸਿੰਘ ਮਾਹਲਾ, ਸਰਕਲ ਮਹਿਣਾ ਦੇ ਪ੍ਰਧਾਨ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਸਰਪੰਚ ਜਗਜੀਵਨ ਸਿੰਘ ਲੋਹਾਰਾ,
ਕਮਲਜੀਤ ਸਿੰਘ ਮੋਗਾ, ਚਰਨਜੀਤ ਸਿੰਘ ਝੰਡੇਆਣਾ ਜਿਲ੍ਹਾ ਪ੍ਰਧਾਨ ਬੀ.ਸੀ.ਵਿੰਗ, ਸਕੱਤਰ ਸੁਰਿੰਦਰ ਸਿੰਘ ਗੱਬੀ, ਸੁਖਵਿੰਦਰ ਸਿੰਘ ਦਾਤੇਵਾਲ, ਅਸ਼ਵਨੀ ਕੁਮਾਰ ਪਿੰਟੂ ਕੋਟ ਈਸੇ ਖਾਂ, ਖਣਮੁੱਖ ਭਾਰਤੀ, ਸੰਜੀਵ ਬਿੱਟੂ, ਕੌਂਸਲਰ ਗੁਰਵਿੰਦਰ ਬੱਬਲੂ, ਕੌਂਸਲਰ ਮਨਜੀਤ ਸਿੰਘ ਧੰਮੂ, ਸਰਫ਼ਰੋਜ਼ ਅਲੀ ਰੋਜ਼ੀ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲੀਆ, ਰਾਜਵੰਤ ਮਾਹਲਾ, ਗੁਰਜੰਟ ਸਿੰਘ, ਹਰਜਿੰਦਰ ਸਿੰਘ, ਸੁਰਿੰਦਰ ਸਿੰਘ, ਹੈਪੀ ਯੂਥ ਆਗੂ ਆਦਿ ਹਾਜ਼ਰ ਸਨ।