
ਰਾਕੇਸ਼ ਕੁਮਾਰ ਗਰਗ ਉਪ ਮੰਡਲ ਮੈਜਿਸਟ੍ਰੇਟ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਪੰਜਾਬ ਸਰਕਾਰ......
ਸ੍ਰੀ ਅਨੰਦਪੁਰ ਸਾਹਿਬ : ਰਾਕੇਸ਼ ਕੁਮਾਰ ਗਰਗ ਉਪ ਮੰਡਲ ਮੈਜਿਸਟ੍ਰੇਟ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਦੀ ਸਫ਼ਲਤਾ ਲਈ ਅਪਣੇ ਵਿਭਾਗਾਂ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਜ਼ਿੰਮੇਵਾਰੀ ਨਾਲ ਫ਼ਰਜ਼ ਸਮਝ ਕੇ ਨਿਭਾਉਣ। ਗਰਗ ਅੱਜ ਉਪ ਮੰਡਲ ਦੇ ਮੀਟਿੰਗ ਹਾਲ ਵਿਚ ਅਧਿਕਾਰੀਆਂ ਨਾਲ ਮਿਸ਼ਨ ਤੰਦਰੁਸਤ ਪੰਜਾਬ ਦੇ ਸਬੰਧ ਵਿਚ ਇਕ ਵਿਸ਼ੇਸ਼ ਮੀਟਿੰਗ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਨਗਰ ਕੌਂਸਲਾਂ, ਪੇਂਡੂ ਵਿਕਾਸ ਤੇ ਪੰਚਾਇਕ ਵਿਭਾਗ, ਸਿੱਖਿਆ ਵਿਭਾਗ, ਜੰਗਲਾਤ, ਖੇਤੀਬਾੜੀ ਅਤੇ ਬਾਗਬਾਨੀ, ਜਲ ਸਪਲਾਈ ਅਤੇ ਸੈਨੀਟੇਸ਼ਨ, ਸਿਹਤ ਵਿਭਾਗ, ਟਰਾਂਸਪੋਰਟ ਵਿਭਾਗ, ਖੇਡ ਵਿਭਾਗ, ਲੋਕ ਨਿਰਮਾਣ ਵਿਭਾਗ, ਸਿੰਚਾਈ ਵਿਭਾਗ ਆਦਿ ਵਿਭਾਗਾਂ ਨੇ ਇਸ ਮੁਹਿੰਮ ਨੂੰ ਕਾਮਯਾਬ ਕਰਨ ਦੇ ਲਈ ਸ਼ਹਿਰਾਂ ਅਤੇ ਪਿੰਡਾਂ ਵਿਚ ਇਕ ਲੋਕ ਲਹਿਰ ਚਲਾਈ ਹੋਈ ਹੈ। ਜਿਸ ਦਾ ਅਸਰ ਆਮ ਲੋਕਾਂ ਨੂੰ ਵਿਖਾਈ ਦੇਣ ਲੱਗ ਪਿਆ ਹੈ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਅਸਲ ਮਕਸਦ ਸਵੱਛ ਪੌਣ ਪਾਣੀ, ਸਾਫ਼ ਸੁਥਰਾ ਵਾਤਾਵਰਣ ਅਤੇ ਲੋਕਾਂ ਨੂੰ ਸਿਹਤਮੰਦ ਮਾਹੌਲ ਪ੍ਰਦਾਨ ਕਰਨਾ ਹੈ। ਇਸ ਮੌਕੇ ਸੰਜੀਵ ਸ਼ਰਮਾ ਪੀ.ਸੀ.ਐਸ. ਅੰਦਰ ਟ੍ਰੇਨਿੰਗ, ਤਹਿਸੀਲਦਾਰ ਸੁਰਿੰੰਦਰਪਾਲ ਸਿੰਘ, ਨਾਇਬ ਤਹਿਸੀਲਦਾਰ ਅਮਨਦੀਪ ਚਾਵਲਾ ਆਦਿ ਹਾਜ਼ਰ ਸਨ।