
ਕੁੱਲ 1184.98 ਕੁਇੰਟਲ ਗ਼ੈਰ ਮਿਆਰੀ ਫਲ ਤੇ ਸਬਜ਼ੀਆਂ ਨਸ਼ਟ ਕਰਵਾਈਆਂ ਗਈਆਂ
ਚੰਡੀਗੜ੍ਹ, 26 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਮਿਸ਼ਨ ਤੰਦਰੁਸਤ ਪੰਜਾਬ, ਸੂਬੇ ਦੇ ਲੋਕਾਂ ਦੀ ਨਰੋਈ ਸਿਹਤ ਨੂੰ ਯਕੀਨੀ ਬਣਾਉਣ ਲਈ ਸਾਲ 2018 ਵਿਚ ਸ਼ੁਰੂ ਕੀਤਾ ਗਿਆ ਸੀ। ਇਸੇ ਟੀਚੇ ਨੂੰ ਮੁੱਖ ਰਖਦਿਆਂ ਹੋਇਆਂ ਲੋਕਾਂ ਨੂੰ ਮਿਆਰੀ ਭੋਜਨ ਪਦਾਰਥ ਉਪਲਬਧ ਕਰਵਾਉਣੇ ਯਕੀਨੀ ਬਣਾਉਣ ਹਿੱਤ ਸਾਲ 2018 ਤੋਂ ਲੈ ਕੇ ਹੁਣ ਤਕ 13 ਵਾਰ ਸੂਬੇ ਭਰ ਵਿਚ ਫਲਾਂ ਅਤੇ ਸਬਜ਼ੀਆਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਕੁੱਲ 1184.98 ਕੁਇੰਟਲ ਗ਼ੈਰ ਮਿਆਰੀ ਫਲ ਅਤੇ ਸਬਜ਼ੀਆਂ ਨਸ਼ਟ ਕੀਤੀਆਂ ਗਈਆਂ ਹਨ।
ਇਹ ਜਾਣਕਾਰੀ ਮਿਸ਼ਨ ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ ਸ੍ਰੀ ਕਾਹਨ ਸਿੰਘ ਪੰਨੂੰ ਨੇ ਬੀਤੀ ਸ਼ਾਮ ਫਲਾਂ ਤੇ ਸਬਜ਼ੀ ਮੰਡੀਆਂ ਦੀ ਕੀਤੀ ਅਚਨਚੇਤ ਚੈਕਿੰਗ ਮੌਕੇ ਦਿਤੀ। ਉਨ੍ਹਾਂ ਇਹ ਵੀ ਦਸਿਆ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਬਾਵਜੂਦ ਵੀ ਚੈਕਿੰਗ ਦੇ ਕੰਮ ਵਿਚ ਕੋਈ ਵੀ ਢਿੱਲ-ਮੱਠ ਨਹੀਂ ਆਉਣ ਦਿਤੀ ਗਈ।
ਦਸਣਯੋਗ ਹੈ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੀਰਵਾਰ, 25 ਜੂਨ ਨੂੰ ਪੰਜਾਬ ਦੀਆਂ ਪ੍ਰਮੁੱਖ 72 ਫਲ ਅਤੇ ਸਬਜ਼ੀ ਮੰਡੀਆਂ ਦੀ ਡਵੀਜ਼ਨ ਪੱਧਰ, ਜ਼ਿਲ੍ਹਾ ਪੱਧਰ ਅਤੇ ਸਕੱਤਰ ਮਾਰਕਿਟ ਕਮੇਟੀ ਪੱਧਰ ਦੀਆਂ ਬਣਾਈਆਂ ਟੀਮਾਂ, ਜਿਸ ਵਿਚ ਸਿਹਤ ਵਿਭਾਗ ਅਤੇ ਬਾਗਵਾਨੀ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ
, ਵਲੋਂ ਵੀਰਵਾਰ ਦੇਰ ਸ਼ਾਮ ਨੂੰ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਫਲ, ਸਬਜ਼ੀਆਂ ਦੀ ਅਣਵਿਗਿਆਨਕ ਤਰੀਕੇ ਨਾਲ ਪਕਾਉਣ, ਸੰਭਾਲ ਅਤੇ ਨਾ ਖਾਣਯੋਗ ਫਲ ਸਬਜ਼ੀਆਂ ਸਬੰਧੀ ਪੜਤਾਲ ਕੀਤੀ ਗਈ। ਇਸ ਤੋਂ ਇਲਾਵਾ ਮੰਡੀਆਂ ਵਿਚ ਪਲਾਸਟਿਕ ਦੇ ਲਿਫ਼ਾਫ਼ੇ ਫੜੇ ਗਏ ਜਿਨ੍ਹਾਂ ਨੂੰ ਮੌਕੇ 'ਤੇ ਜਬਤ ਕੀਤਾ ਗਿਆ। ਚੈਕਿੰਗ ਟੀਮਾਂ ਵਲੋਂ ਮੌਕੇ 'ਤੇ ਕਿਸਾਨਾਂ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਨਾ ਵਰਤਣ ਲਈ ਜਾਗਰੂਕ ਕੀਤਾ ਗਿਆ ਅਤੇ ਆੜ੍ਹਤੀਆਂ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਨਾ ਵਰਤਣ ਲਈ ਨੋਟਿਸ ਜਾਰੀ ਕੀਤੇ ਗਏ।
ਪੜਤਾਲ ਦੌਰਾਨ 66.22 ਕੁਇੰਟਲ ਫਲ ਤੇ ਸਬਜ਼ੀਆਂ, ਜੋ ਕਿ ਖਾਣ ਯੋਗ ਨਹੀਂ ਸਨ, ਨੂੰ ਮੌਕੇ 'ਤੇ ਨਸ਼ਟ ਕਰਵਾਇਆ ਗਿਆ। ਇਸ ਵਿਚ ਮੁੱਖ ਤੌਰ 'ਤੇ ਹੁਸ਼ਿਆਰਪੁਰ ਵਿਖੇ 1.52 ਕੁਇੰਟਲ ਅੰਬ, ਟਮਾਟਰ ਤੇ ਲੀਚੀ, ਗੜ੍ਹਸ਼ਕਰ ਵਿਖੇ 1.80 ਕੁਇੰਟਲ ਆਲੂ ਤੇ ਅੰਗੂਰ, ਰੂਪਨਗਰ ਵਿਖੇ 5.50 ਕੁਇੰਟਲ ਫਲ ਸਬਜ਼ੀਆਂ, ਸ੍ਰੀ ਆਨੰਦਪੁਰ ਸਾਹਿਬ ਵਿਖੇ 5.20 ਕੁਇੰਟਲ ਟਮਾਟਰ ਅੰਬ, ਲੁਧਿਆਣਾ ਵਿਖੇ 5.97 ਕੁਇੰਟਲ ਫਲ ਸਬਜ਼ੀਆਂ, ਜਗਰਾਉਂ ਵਿਖੇ 1.35 ਕੁਇੰਟਲ ਫਲ ਸਬਜ਼ੀਆਂ, ਬਟਾਲਾ ਵਿਖੇ 1.88 ਕੁਇੰਟਲ ਫਲ ਸਬਜ਼ੀਆਂ,
ਪਠਾਨਕੋਟ ਵਿਖੇ 2.40 ਕੁਇੰਟਲ ਫਲ ਸਬਜ਼ੀਆਂ, ਗੁਰਦਾਸਪੁਰ ਵਿਖੇ 1.25 ਕੁਇੰਟਲ ਫਲ, ਰਾਜਪੁਰਾ ਵਿਖੇ 2.22 ਕੁਇੰਟਲ ਸਬਜ਼ੀਆਂ, ਪਟਿਆਲਾ ਵਿਖੇ 4.15 ਕੁਇੰਟਲ ਫਲ ਸਬਜ਼ੀਆਂ, ਪਾਤੜਾਂ ਵਿਖੇ 2.50 ਕੁਇੰਟਲ ਫਲ ਸਬਜ਼ੀਆਂ, ਨਾਭਾ ਵਿਖੇ 1.08 ਕੁਇੰਟਲ ਫਲ ਸਬਜ਼ੀਆਂ, ਸਮਾਣਾ ਵਿਖੇ 1.58 ਕੁਇੰਟਲ ਫਲ ਸਬਜ਼ੀਆਂ, ਬਰਨਾਲਾ ਵਿਖੇ 2.50 ਕੁਇੰਟਲ ਫਲ ਸਬਜ਼ੀਆਂ, ਸਰਹਿੰਦ ਵਿਖੇ 2.00 ਕੁਇੰਟਲ ਅੰਬ, ਬਠਿੰਡਾ ਵਿਖੇ 3.80 ਕੁਇੰਟਲ ਫਲ ਸਬਜ਼ੀਆਂ, ਫ਼ਰੀਦਕੋਟ ਵਿਖੇ 2.00 ਕੁਇੰਟਲ ਫਲ ਸਬਜ਼ੀਆਂ, ਮਾਨਸਾ ਵਿਖੇ 4.00 ਕੁਇੰਟਲ ਫਲ ਸਬਜ਼ੀਆਂ ਨੂੰ ਨਸ਼ਟ ਕਰਵਾਇਆ ਗਿਆ। ਇਸ ਤੋਂ ਇਲਾਵਾ ਬਠਿੰਡਾ ਫਰੂਟ ਮੰਡੀ ਬੰਦ ਸੀ। ਪ੍ਰੰਤੂ ਰੀਟੇਲ ਮੰਡੀ ਵਿਚ ਰੇਹੜੀ ਵਾਲਿਆਂ ਪਾਸੋਂ 3 ਕੁਇੰਟਲ ਅੰਬ ਅਣਵਿਗਿਆਨਕ ਤਰੀਕੇ (ਕੈਲਸ਼ੀਅਮ ਕਾਰਬਾਈਡ) ਨਾਲ ਪਕਾਏ ਗਏ ਸਨ। ਅੰਬ ਨਸ਼ਟ ਕਰਵਾ ਕੇ 2 ਰੇਹੜੀਆਂ ਕਬਜ਼ੇ ਵਿਚ ਕੀਤੀਆਂ ਗਈਆਂ।