
ਨੌਜਵਾਨ ਭਾਰਤ ਸਭਾ ਦੇ ਮੈਂਬਰਾਂ ਨੇ ਐਸ.ਡੀ.ਐਸ ਦੇ ਦਫ਼ਤਰ ਅੱਗੇ ਧਰਨਾ ਲਾ ਕੇ ਦਿਤਾ ਮੰਗ ਪੱਤਰ
ਗੁਰੂਹਰਸਹਾਏ, 27 ਜੂਨ (ਮਨਜੀਤ ਸਾਉਣਾ): ਨੌਜਵਾਨ ਭਾਰਤ ਸਭਾ ਵਲੋਂ ਮਾਈਕਰੋ ਫ਼ਾਇਨਾਂਸ ਕੰਪਨੀਆਂ ਵਲੋਂ ਪਿੰਡਾਂ ਵਿਚ ਔਰਤਾਂ ਨੂੰ ਦਿਤੇ ਕਰਜ਼ੇ ਦੀਆਂ ਕਿਸ਼ਤਾਂ ਆਰ ਬੀ ਆਈ ਵਲੋਂ ਤਾਲਾਬੰਦੀ ਦੇ ਸਮੇਂ ਤਕ ਨਾ ਭਰਵਾਉਣ ਦੀਆਂ ਹਦਾਇਤਾਂ ਜਾਰੀ ਕਰਨ ਦੇ ਬਾਵਜੂਦ ਜਬਰੀ ਵਸੂਲਣ ਦੇ ਵਿਰੁਧ ਗੁਰੂਹਰਸਹਾਏ ਵਿਚ ਰੋਸ ਮਾਰਚ ਕਰ ਕੇ ਐਸ ਡੀ ਐਮ ਗੁਰੂਹਰਸਹਾਏ ਦਫ਼ਤਰ ਅੱਗੇ ਧਰਨਾ ਲਾ ਕੇ ਮੰਗ ਪੱਤਰ ਦਿਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਅਤੇ ਜ਼ਿਲ੍ਹਾ ਆਗੂ ਜਸਵੰਤ ਸਿੰਘ ਜਵਾਏ ਸਿੰਘ ਵਾਲਾ ਨੇ ਕਿਹਾ ਕਿ ਪਿੰਡਾਂ ਸ਼ਹਿਰਾਂ ਵਿਚ ਪ੍ਰਾਈਵੇਟ ਕੰਪਨੀਆਂ ਵਲੋਂ ਜੋ ਔਰਤਾਂ ਨੂੰ ਕਰਜ਼ਾ ਦਿਤਾ ਗਿਆ ਹੈ। ਉਸ ਦੀਆਂ ਕਿਸ਼ਤਾਂ ਦੇਸ਼ ਵਿਚ ਕੋਰੋਨਾ ਮਹਾਂਮਾਰੀ ਕਰ ਕੇ ਸਰਕਾਰਾਂ ਵਲੋਂ ਕੀਤੇ ਤਾਲਾਬੰਦੀ ਕਰ ਕੇ ਲੋਕਾਂ ਦੇ ਰੁਜ਼ਗਾਰ ਠੱਪ ਹੋਣ ਕਰ ਕੇ ਭਰਨੀਆਂ ਬਹੁਤ ਮੁਸ਼ਕਲ ਹੋਈਆਂ ਪਈਆਂ ਹਨ ਅਤੇ ਦੇਸ਼ ਦੇ ਬੈਂਕਾਂ ਦੇ ਸਰਵਉੱਚ ਅਦਾਰੇ ਆਰ ਬੀ ਆਈ ਵਲੋਂ ਵੀ ਤਾਲਾਬੰਦੀ ਦੇ ਸਮੇਂ ਦੇ ਦੌਰਾਨ ਕਿਸ਼ਤਾਂ ਨਾ ਵਸੂਲਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਪਰ ਪ੍ਰਾਈਵੇਟ ਕੰਪਨੀਆਂ ਦੇ ਮੁਲਾਜ਼ਮ ਜ਼ਬਰਦਸਤੀ ਲੋਕਾਂ ਤੋਂ ਕਿਸ਼ਤਾਂ ਵਸੂਲ ਰਹੇ ਹਨ ਅਤੇ ਲੋਕਾਂ ਨੂੰ ਡਰਾ ਧਮਕਾ ਰਹੇ ਹਨ ਕੇ ਜੇਕਰ ਕਿਸ਼ਤਾਂ ਨਹੀਂ ਭਰੀਆਂ ਤੇ ਤੁਹਾਡੇ ਤੇ ਥਾਣੇ ਵਿਚ ਪਰਚਾ ਦਰਜ ਕਰਾਇਆ ਜਾਵੇਗਾ ਅਤੇ ਤੁਹਾਡੇ ਘਰਾਂ ਵਿਚੋਂ ਸਾਮਾਨ ਚੁੱਕ ਕੇ ਲਿਜਾਇਆ ਜਾਵੇਗਾ। ਬਹੁਤ ਸਾਰੀਆਂ ਔਰਤਾਂ ਇਸ ਡਰ ਦੇ ਮਾਰਿਆਂ ਅਪਣੇ ਘਰਾਂ ਦਾ ਸਾਮਾਨ ਗਹਿਣੇ ਰੱਖ ਕੇ ਜਾਂ ਵੇਚ ਕੇ ਪ੍ਰਾਈਵੇਟ ਕੰਪਨੀਆਂ ਦੀਆਂ ਕਿਸ਼ਤਾਂ ਭਰ ਰਹੀਆਂ ਹਨ। ਇਹ ਪ੍ਰਾਈਵੇਟ ਕੰਪਨੀਆਂ ਵਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਸਕੱਤਰ ਜਗੀਰ ਸਿੰਘ ਖ਼ਾਲਸਾ ਨੇ ਕਿਹਾ ਕੇ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਕੋਰੋਨਾ ਮਹਾਂਮਾਰੀ ਲਈ ਕੀਤੇ। ਤਾਲਾਬੰਦੀ ਦੀ ਆੜ ਵਿਚ ਲਗਾਤਾਰ ਲੋਕ ਵਿਰੋਧੀ ਫ਼ੈਸਲੇ ਕਰ ਰਹੀਆਂ ਹਨ।
ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਸ਼ਤਾਂ ਵਸੂਲਣੀਆਂ ਬੰਦ ਨਾ ਕੀਤੀਆਂ ਗਈਆਂ ਤਾਂ ਇਸ ਵਿਰੁਧ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਜਿਸ ਲਈ ਅੱਜ ਇਲਾਕਾ ਗੁਰੂਹਰਸਾਹਾਏ ਇਲਾਕੇ ਦੀ 21 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਦੀ ਪ੍ਰਧਾਨ ਨਿਮੋ, ਮੀਤ ਪ੍ਰਧਾਨ ਸ਼ੀਲੋ ਬਾਈ, ਖ਼ਜ਼ਾਨਚੀ ਵੀਨਾ ਰਾਣੀ, ਪ੍ਰੈੱਸ ਸਕੱਤਰ ਵੀਰਪਾਲ ਕੌਰ ਅਤੇ ਸਲਾਹਕਾਰ ਮਹਿੰਦਰ ਕੌਰ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਜਸਵਿੰਦਰ ਜੁਆਏ ਸਿੰਘ ਵਾਲਾ, ਗੁਰਪ੍ਰੀਤ ਸਿੰਘ ਜੁਵਾਏ ਸਿੰਘ ਵਾਲਾ, ਕੁਲਵੰਤ ਸਿੰਘ, ਸਤਪਾਲ ਮੋਹਨ ਕੇ ਤੇ ਬਲਦੇਵ ਮੋਹਨ ਕੇ ਆਦਿ ਹਾਜ਼ਰ ਸਨ।