
ਮੁੱਖ ਮੰਤਰੀ ਨੇ ਦੂਜੇ ਸੂਬਿਆਂ ਰਾਹੀਂ ਪਾਕਿਸਤਾਨ ਤੋਂ ਹੁੰਦੀ ਨਸ਼ਿਆਂ ਦੀ ਤਸਕਰੀ ਨਾਲ ਨਜਿੱਠਣ ਲਈ ਕੌਮੀ ਡਰੱਗ ਨੀਤੀ ਦੀ ਮੰਗ ਦੁਹਰਾਈ
ਨਜਿੱਠਣ ਲਈ ਕੌਮੀ ਡਰੱਗ ਨੀਤੀ ਦੀ ਮੰਗ ਦੁਹਰਾਈ
ਜ਼ਬਤ ਕੀਤੇ ਨਸ਼ਿਆਂ ਦੀ ਵੱਡੀ ਖੇਪ ਨੂੰ ਲਾਈਵ ਨਸ਼ਟ ਕਰਨ ਦੀ ਡਿਜੀਟਲ ਤੌਰ 'ਤੇ ਸ਼ੁਰੂਆਤ ਕੀਤੀ
ਚੰਡੀਗੜ੍ਹ, 26 ਜੂਨ (ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਲਾਹਨਤ ਨਾਲ ਨਿਪਟਣ ਲਈ ਕੌਮੀ ਡਰੱਗ ਨੀਤੀ ਲਿਆਉਣ ਲਈ ਅਪਣੀ ਮੰਗ ਨੂੰ ਦੁਹਰਾਉਂਦੇ ਹੋਏ ਸੂਬੇ ਵਿਚੋਂ ਨਸ਼ਿਆਂ ਦੇ ਖਾਤਮੇ ਵਾਸਤੇ ਐਸ.ਟੀ.ਐਫ., ਪੁਲਿਸ ਅਤੇ ਖੁਫ਼ੀਆ ਵਿੰਗ ਦਰਮਿਆਨ ਹੋਰ ਤਾਲਮੇਲ ਕਰਨ ਦੀ ਲੋੜ ਉਤੇ ਜ਼ੋਰ ਦਿਤਾ | ਇਸ ਅਲਾਮਤ ਵਿਰੁਧ ਲੜਾਈ ਵਿਚ ਸਾਰੀਆਂ ਧਿਰਾਂ ਦੇ ਸਹਿਯੋਗ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਆਲਮੀ ਸਮੱਸਿਆ ਕਰਾਰ ਦਿਤਾ | ਉਨ੍ਹਾਂ ਕਿਹਾ ਕਿ ਭਾਵੇਂ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ ਵਰਗੇ ਗੁਆਂਢੀ ਸੂਬੇ ਨਸ਼ਿਆਂ ਦੀ ਤਸਕਰੀ ਨਾਲ ਨਿਪਟਣ ਲਈ ਕਾਰਗਰ ਢੰਗ-ਤਰੀਕਾ ਲਾਗੂ ਕਰਨ ਵਾਸਤੇ ਰਜ਼ਾਮੰਦ ਹੋਏ ਸਨ ਪਰ ਇਸ ਪਾਸੇ ਵੱਲ ਮਹੱਤਵਪੂਰਨ ਅਮਲ ਨਹੀਂ ਹੋਇਆ |
ਨਸ਼ਾਖੋਰੀ ਅਤੇ ਤਸਕਰੀ ਵਿਰੁਧ ਕੌਮਾਂਤਰੀ ਦਿਹਾੜੇ ਮੌਕੇ ਲੋਕਾਂ ਨੂੰ ਮੁਖਾਤਬ ਹੁੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬਹੁਤੇ ਨਸ਼ੇ ਖ਼ਾਸ ਤੌਰ 'ਤੇ ਅਗ਼ਗਾਨਿਸਤਾਨ ਤੋਂ ਹੈਰੋਇਨ ਦੀ ਤਸਕਰੀ ਵਾਇਆ ਪਾਕਿਸਤਾਨ, ਗੁਆਂਢੀ ਸੂਬੇ ਹਰਿਆਣਾ, ਜੰਮੂ ਕਸ਼ਮੀਰ, ਰਾਜਸਥਾਨ, ਦਿੱਲੀ ਅਤੇ ਇਥੋਂ ਤਕ ਕਿ ਨੇਪਾਲ ਤੋਂ ਹੁੰਦੀ ਹੈ | ਉਨ੍ਹਾਂ ਇਸ ਕਦਮ ਨੂੰ ਪੰਜਾਬ ਦੀ ਜਵਾਨੀ ਨੂੰ ਕਮਜ਼ੋਰ ਕਰਨ ਅਤੇ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ ਤੋਂ ਦੂਰ ਕਰਨ ਲਈ ਪਾਕਿਸਤਾਨ ਦੀ ਸਾਜਸ਼ ਦਸਿਆ | ਉਨ੍ਹਾਂ ਡਰੋਨਾਂ ਰਾਹੀਂ ਨਸ਼ਿਆਂ ਦੀ ਤਸਕਰੀ ਅਤੇ ਕਾਂਡਲਾ ਬੰਦਰਗਾਹ ਰਾਹੀਂ ਪੰਜਾਬ ਨੂੰ ਭੇਜੀ 700 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੇ ਜਾਣ ਦੀਆਂ ਘਟਨਾਵਾਂ ਦਾ ਵੀ ਹਵਾਲਾ ਦਿਤਾ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਵਿਚ ਉੜੀ ਸੈਕਟਰ ਰਾਹੀਂ ਪਾਕਿਸਤਾਨ ਵਲੋਂ ਖਤਰਨਾਕ ਹਥਿਆਰ ਭੇਜੇ ਗਏ |
ਹਾਲ ਹੀ ਵਿਚ ਕੈਨੇਡਾ 'ਚ ਨਸ਼ਿਆਂ ਦੀ ਵੱਡੀ ਖੇਪ ਜ਼ਬਤ ਕਰਨ ਦੀ ਘਟਨਾ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਇਸ ਜੁਰਮ ਵਿਚ ਕੁਝ ਪੰਜਾਬੀ ਨੌਜਵਾਨਾਂ ਦੀ ਵੀ ਸ਼ਮੂਲੀਅਤ ਪਾਈ ਗਈ ਹੈ ਜਿਸ ਨਾਲ ਨਾ ਸਿਰਫ ਪੰਜਾਬ ਦੀ ਬਦਨਾਮੀ ਹੋਈ ਹੈ ਸਗੋਂ ਦੁਨੀਆ ਭਰ ਵਿਚ ਅਮਨ-ਅਮਾਨ ਨਾਲ ਰਹਿ ਰਹੇ ਪੰਜਾਬੀਆਂ ਦੇ ਅਕਸ ਨੂੰ ਵੀ ਸੱਟ ਵੱਜੀ ਹੈ |
ਇਸ ਮੌਕੇ ਮੁੱਖ ਮੰਤਰੀ ਨੇ ਅੰਮਿ੍ਤਸਰ ਦੇ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੀ ਅਗਵਾਈ 'ਚ ਵਿਸ਼ੇਸ਼ ਟੀਮ ਵਲੋਂ ਅੰਮਿ੍ਤਸਰ ਵਿਚ ਜ਼ਬਤ ਕੀਤੇ ਨਸ਼ਿਆਂ/ਨਸ਼ੀਲੀਆਂ ਦਵਾਈਆਂ ਨੂੰ ਲਾਈਵ ਨਸ਼ਟ ਕਰਨ ਦੀ ਡਿਜੀਟਲ ਤੌਰ 'ਤੇ ਸ਼ੁਰੂਆਤ ਕੀਤੀ | ਇਸ ਖੇਪ ਵਿਚ ਕੌਮਾਂਤਰੀ ਮੰਡੀ 'ਚ 1318 ਕਰੋੜ ਰੁਪਏ ਦੀ ਕੀਮਤ ਵਾਲੀ 659 ਕਿਲੋ ਹੈਰੋਇਨ, 3000 ਕਿਲੋ ਭੁੱਕੀ, 5.8 ਕਰੋੜ ਗੋਲੀਆਂ/ਕੈਪਸੂਲ, 166 ਕਿਲੋ ਗਾਂਜਾ, 5 ਕਿਲੋ ਚਰਸ ਅਤੇ ਵੱਡੀ ਮਾਤਰਾ ਵਿਚ ਭੰਗ, ਸਮੈਕ, ਸਿਰਪ (ਪੀਣ ਵਾਲੀ ਦਵਾਈ) ਅਤੇ ਟੀਕੇ ਸ਼ਾਮਲ ਹਨ | ਉਨ੍ਹਾਂ ਸਕੂਲ ਅਤੇ ਉਚੇਰੀ ਸਿਖਿਆ ਵਿਭਾਗਾਂ ਵਲੋਂ ਹਫ਼ਤਾ ਭਰ ਚੱਲਣ ਵਾਲੀ ਸੂਬਾ ਪਧਰੀ ਜਾਗਰੂਕਤਾ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ |
ਇਸ ਤੋਂ ਪਹਿਲਾਂ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਸ਼ਾਖੋਰੀ ਨੂੰ ਨੱਥ ਪਾਉਣ ਲਈ ਕਾਫ਼ੀ ਹੱਦ ਤਕ ਸਫ਼ਲਤਾ ਹਾਸਲ ਕੀਤੀ ਹੈ | ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਅਗ਼ਗਾਨਿਸਤਾਨ ਤੋਂ ਪਿੱਛੇ ਹਟਣ ਦੇ ਅਮਰੀਕਾ ਦੇ ਫ਼ੈਸਲੇ ਦੇ ਮੱਦੇਨਜ਼ਰ ਪੁਲਿਸ ਫ਼ੋਰਸ ਨੂੰ ਵਧੇਰੇ ਚੌਕਸ ਰਹਿਣ ਲਈ ਨਿਰਦੇਸ਼ ਦੇਣ | ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਦੀ ਲਗਭਗ 550 ਕਿਲੋਮੀਟਰ ਸਰਹੱਦ ਪਾਕਿਸਤਾਨ ਨਾਲ ਸਾਂਝੀ ਹੋਣ ਕਰ ਕੇ ਇਹ ਹੈਰੋਇਨ, ਖ਼ਾਸ ਤੌਰ 'ਤੇ ਅਫ਼ਗਾਨਿਸਤਾਨ ਵਿਚ ਪੈਦਾ ਕੀਤੀ ਗਈ, ਦੀ ਦੇਸ਼ ਭਰ ਦੇ ਹੋਰਨਾਂ ਰਾਜਾਂ ਨੂੰ ਤਸਕਰੀ ਲਈ ਆਵਾਜਾਈ ਦਾ ਮੁੱਖ ਰਸਤਾ ਬਣ ਗਿਆ ਹੈ |
ਵਧੀਕ ਮੁੱਖ ਸਕੱਤਰ ਗ੍ਰਹਿ ਅਨੁਰਾਗ ਅਗਰਵਾਲ ਨੇ ਪ੍ਰਗਟਾਵਾ ਕੀਤਾ ਕਿ ਨਸ਼ਿਆਂ ਦੀ ਗ਼ੈਰ-ਕਾਨੂੰਨੀ ਤਸਕਰੀ ਦੇ ਮਾਮਲਿਆਂ ਵਿਚ ਦੋਸ਼ੀ ਠਹਿਰਾਏ ਜਾਣ ਦੀ ਦਰ 50 ਫ਼ੀਸਦੀ ਤੋਂ ਵਧ ਕੇ 80 ਫ਼ੀਸਦੀ ਹੋ ਗਈ ਹੈ | ਨਸ਼ਾ ਵਿਰੋਧੀ ਮੁਹਿੰਮ ਦੇ ਨੋਡਲ ਅਧਿਕਾਰੀ ਰਾਹੁਲ ਤਿਵਾੜੀ ਨੇ ਕਿਹਾ ਕਿ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਨੇ ਮਿਸ਼ਨ ਰੈੱਡ ਸਕਾਈ ਦੀ ਸ਼ੁਰੂਆਤ ਕੀਤੀ ਸੀ ਅਤੇ ਨਸ਼ਾ ਪੀੜਤਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਉਨ੍ਹਾਂ ਤਕ ਪਹੁੰਚ ਕੀਤੀ | ਇਸ ਸਮਾਗਮ ਵਿਚ ਹਿੱਸਾ ਲੈਂਦਿਆਂ ਜਲੰਧਰ ਤੋਂ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨਵਜੀਤ ਕੌਰ, ਨਸ਼ਿਆਂ ਦੀ ਸਮੱਸਿਆ 'ਚੋਂ ਨਿਕਲੇ ਸੰਗਰੂਰ ਦੇ ਹਰਵਿੰਦਰ ਸਿੰਘ, ਤਰਨਤਾਰਨ ਜ਼ਿਲ੍ਹੇ ਦੀ ਡੈਪੋ ਹੈੱਡਮਿਸਟ੍ਰੈੱਸ ਜੀ.ਐਚ.ਐਸ. ਪੰਜਰ ਜੀਤ ਕੌਰ, ਨਸ਼ਾ ਵਿਰੋਧੀ ਨਿਗਰਾਨ ਕਮੇਟੀ ਦੀ ਮੈਂਬਰ ਲੁਧਿਆਣਾ ਤੋਂ ਡਾ. ਸੁਖਪਾਲ ਕੌਰ ਅਤੇ ਸਰਕਾਰੀ ਕਾਲਜ ਮੁਹਾਲੀ ਤੋਂ ਬੀ.ਐਸਸੀ ਨਾਨ-ਮੈਡੀਕਲ ਦੀ ਵਿਦਿਆਰਥਣ ਕਿਰਨਪ੍ਰੀਤ ਕੌਰ ਨੇ ਅਪਣੀ ਜਾਣਕਾਰੀ ਅਤੇ ਤਜਰਬੇ ਸਾਂਝੇ ਕੀਤੇ |