
ਕੋਰੋਨਾ ਤੋਂ ਡਰੀ ਮਹਿਲਾ ਨੇ ਧੀ ਨੂੰ ਉਤਾਰਿਆ ਮੌਤ ਦੇ ਘਾਟ
ਕੋਰੋਨਾ ਤੋਂ ਡਰੀ ਮਹਿਲਾ ਨੇ ਧੀ ਨੂੰ ਉਤਾਰਿਆ ਮੌਤ ਦੇ ਘਾਟ
ਲੰਡਨ, 26 ਜੂਨ : ਬਰਤਾਨੀਆ ਦੀ ਰਾਜਧਾਨੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ | ਇਥੇ ਇਕ ਮਹਿਲਾ ਨੇ ਅਪਣੀ 5 ਸਾਲਾ ਧੀ ਦਾ ਚਾਕੂ ਮਾਰ ਕੇ ਕਤਲ ਕਰ ਦਿਤਾ ਹੈ | ਮਾਂ ਨੇ ਅਪਣਾ ਜ਼ੁਰਮ ਵੀ ਕਬੂਲ ਕਰ ਲਿਆ ਹੈ | ਮਹਿਲਾ ਦਾ ਕਹਿਣਾ ਹੈ ਕਿ ਉਸ ਨੂੰ ਡਰ ਸੀ ਕਿ ਜੇਕਰ ਉਸ ਨੂੰ ਕੋਰੋਨਾ ਹੋ ਗਿਆ ਅਤੇ ਕੋਰੋਨਾ ਕਾਰਨ ਉਸ ਦੀ ਮੌਤ ਹੋ ਗਈ ਤਾਂ ਉਸ ਦੀ ਛੋਟੀ ਬੱਚੀ ਉਸ ਤੋਂ ਬਿਨਾਂ ਕਿਵੇਂ ਰਹੇਗੀ | ਮੀਡੀਆ ਰੀਪੋਰਟ ਅਨੁਸਾਰ ਸੁਥਾ ਸ਼ਿਵਨਾਥਮ ਨੇ ਪਿਛਲੇ ਸਾਲ 30 ਜੂਨ ਨੂੰ ਦੱਖਣੀ ਲੰਡਨ ਵਿਚ ਅਪਣੇ ਫਲੈਟ ਵਿਚ ਅਪਣੀ ਧੀ ਸਯਾਗੀ ਦੀ 15 ਵਾਰ
ਚਾਕੂ ਮਾਰ ਕੇ ਹਤਿਆ ਕਰ ਦਿਤੀ ਸੀ | ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੰਭੀਰ ਜ਼ਖ਼ਮੀ ਕੀਤਾ | ਇਸ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਬੱਚੀ ਨੂੰ ਮਿ੍ਤਕ ਐਲਾਨ ਦਿਤਾ ਸੀ |
ਰੀਪੋਰਟ ਅਨੁਸਾਰ ਮਹਿਲਾ ਦੇ ਪਤੀ ਨੇ ਦਸਿਆ ਕਿ ਮਹਿਲਾ ਵਾਇਰਸ ਤੋਂ ਪੀੜਤ ਹੋਣ ਸਬੰਧੀ ਡਰ ਗਈ ਸੀ | ਉਨ੍ਹਾਂ ਦਸਿਆ ਕਿ ਕੋਰੋਨਾ ਮਹਾਂਮਾਰੀ ਅਤੇ ਕੋਰੋਨਾ ਪਾਬੰਦੀਆਂ ਦਾ ਉਸ ਦੀ ਪਤਨੀ ਉਤੇ ਬੁਰਾ ਅਸਰ ਹੋਇਆ |
ਖ਼ਬਰਾਂ ਅਨੁਸਾਰ ਸੁਥਾ ਦਾ ਵਿਆਹ 2006 ਵਿਚ ਹੋਇਆ ਸੀ | ਇਸ ਤੋਂ ਬਾਅਦ ਉਹ ਲੰਡਨ ਵਿਚ ਰਹਿ ਰਹੀ ਸੀ | ਸੁਥਾ ਸਿਵਾਨਥਮ ਦਾ ਇਲਾਜ ਕਰਨ ਵਾਲੇ ਇਕ ਮਨੋਵਿਗਿਆਨਕ ਨੇ ਕਿਹਾ, 'ਕੋਵਿਡ -19 ਮਹਾਂਮਾਰੀ ਕਾਰਨ ਉਸ ਦੇ ਦਿਮਾਗ 'ਤੇ ਗਹਿਰਾ ਅਸਰ ਪਿਆ ਹੈ ਅਤੇ ਤਾਲਾਬੰਦੀ ਨੇ ਲੋਕਾਂ ਨੂੰ ਗੰਭੀਰ ਮਾਨਸਿਕ ਤੌਰ 'ਤੇ ਬੀਮਾਰ ਕਰ ਦਿਤਾ ਹੈ |' ਸੁਥਾ ਦੇ ਪਤੀ ਨੇ ਕਿਹਾ, 'ਇਸ ਘਟਨਾ ਤੋਂ ਬਾਅਦ ਮੈਂ ਆਪਣੀ ਪਤਨੀ ਨਾਲ ਗੱਲ ਨਹੀਂ ਕੀਤੀ ਹੈ, ਪਰ ਮੈਂ ਜਾਣਦਾ ਹਾਂ ਕਿ ਉਹ ਇਸ ਲਈ ਜ਼ਿੰਮੇਵਾਰ ਨਹੀਂ ਹੈ | ਮੈਨੂੰ ਪਤਾ ਹੈ ਕਿ ਜੇ ਉਹ ਠੀਕ ਹੁੰਦੀ ਤਾਂ ਉਹ ਸਾਡੀ ਧੀ ਨੂੰ ਕਦੇ ਨਹੀਂ ਮਾਰਦੀ' | (ਏਜੰਸੀ)