
ਦੁਨੀਆਂ ਦਾ ਸੱਭ ਤੋਂ ਠੰਢਾ ਸੂਬਾ ਸਾਈਬੇਰੀਆ ਗਰਮੀ ਨਾਲ ਤਪ ਰਿਹੈ
ਮਾਸਕੋ, 26 ਜੂਨ : ਰੂਸ ਦਾ ਸੂਬਾ ਸਾਈਬੇਰੀਆ, ਜਿਥੇ ਜੂਨ ’ਚ ਤਾਪਮਾਨ ਮਨਫ਼ੀ 11 ਡਿਗਰੀ ’ਤੇ ਪਹੁੰਚ ਜਾਂਦਾ ਹੈ ਪਰ ਇਸ ਵਾਰ ਇਥੇ ਤਾਪਮਾਨ 48 ਡਿਗਰੀ ’ਤੇ ਪਹੁੰਚ ਗਿਆ ਹੈ ਤੇ ਗਰਮੀ ਨੇ 120 ਸਾਲ ਪੁਰਾਣਾ ਰਿਕਾਰਡ ਤੋੜ ਦਿਤਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਅਜਿਹਾ ਆਰਕਟਿਕ ਵਲੋਂ ਚਲੀਆਂ ਗਰਮ ਹਵਾਵਾਂ ਕਾਰਨ ਹੋਇਆ ਹੈ। ਯੂਰਪੀਅਨ ਯੂਨੀਅਨ ਅਰਥ ਆਬਜ਼ਰਵੇਸ਼ਨ ਪ੍ਰੋਗਰਾਮ ਦੇ ਮੁਤਾਬਕ ਵੀਰਵਾਰ ਨੂੰ ਸਾਈਬੇਰੀਆ ਦਾ ਵਰਕੋਜੈਂਵਸਕ ਸ਼ਹਿਰ ਸਭ ਤੋਂ ਗਰਮ ਰਿਹਾ। ਇਥੇ ਰਿਕਾਰਡ ਤਾਪਮਾਨ 48 ਡਿਗਰੀ ਦਰਜ ਕੀਤਾ ਗਿਆ। ਇਥੇ ਗਰਮੀ ਬਹੁਤ ਜ਼ਿਆਦਾ ਵਧ ਗਈ ਹੈ ਤੇ ਲੋਕਾਂ ਬਾਹਰ ਨਿਕਲਣ ਤੋਂ ਡਰ ਰਹੇ ਹਨ ਕਿਉਂਕਿ ਗਰਮੀ ਨਾਲ ਚਮੜੀ ’ਤੇ ਜਲਣ ਮਹਿਸੂਸ ਹੋ ਰਹੀ ਹੈ। ਉਥੇ ਹੀ ਗਰਮੀ ਤੋਂ ਬਚਣ ਲਈ ਸ਼ਹਿਰ ’ਚ ਗੱਡੀਆਂ ਰਾਹੀਂ ਪਾਣੀ ਛਿੜਕਿਆ ਜਾ ਰਿਹਾ ਹੈ। ਥਾਂ-ਥਾਂ ਫ਼ੁਹਾਰੇ ਲਾਏ ਗਏ ਹਨ। ਤਕਰੀਬਨ 4 ਕਰੋੜ ਦੀ ਆਬਾਦੀ ਵਾਲੇ ਰੂਸ ਦੇ ਇਸ ਸੂਬੇ ਵਿਚ ਲੋਕਾਂ ਨੂੰ ਘਰਾਂ ’ਚ ਹੀ ਰਹਿਣ ਦੀ ਸਲਾਹ ਦਿਤੀ ਗਈ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਜਲਵਾਯੂ ਤਬਦੀਲੀ ਕਾਰਨ ਰੂਸ ਪ੍ਰਭਾਵਿਤ ਹੋ ਰਿਹਾ ਹੈ। ਪੂਰੀ ਦੁਨੀਆਂ ਦੇ ਮੁਕਾਬਲੇ ਰੂਸ ’ਚ ਤੇਜ਼ੀ ਨਾਲ ਗਰਮੀ ਵਧ ਰਹੀ ਹੈ। ਜ਼ਿਕਰਯੋਗ ਹੈ ਕਿ ਆਰਕਟਿਕ ਖੇਤਰ ਦੇ ਜੰਗਲਾਂ ’ਚ ਲੱਗੀ ਅੱਗ ਨਾਲ ਹਿਮਖੰਡ ਪਿਘਲ ਰਹੇ ਹਨ। ਵਰਲਡ ਮੀਟਿਓਰੋਲਾਜੀ ਅਨੁਸਾਰ ਜੇ ਅਸੀਂ ਜਲਵਾਯੂ ਪਰਿਵਰਤਨ ਨੂੰ ਲੈ ਕੇ ਲੋੜੀਂਦੇ ਯਤਨ ਨਾ ਕੀਤੇ ਤਾਂ ਦੁਨੀਆਂ ’ਚ ਕੁਦਰਤੀ ਆਫ਼ਤਾਂ ਵਧ ਸਕਦੀਆਂ ਹਨ, ਜਿਵੇਂ ਹੜ੍ਹ, ਸੋਕਾ, ਤੂਫ਼ਾਨ ਆਦਿ। ਇਸ ਬਹੁਤ ਗਰਮ ਤਾਪਮਾਨ ਕਾਰਨ ਹੀ ਆਰਕਟਿਕ ਖੇਤਰ ਦੇ ਜੰਗਲਾਂ ’ਚ ਅੱਗ ਵੀ ਲੱਗ ਰਹੀ। (ਏਜੰਸੀ)