
ਕੁਝ ਕਿਸਾਨ ਸਮਰਥਕਾਂ ਦੇ ਟਵਿੱਟਰ ਖਾਤਿਆਂ 'ਤੇ ਵੀ ਰੋਕ ਲਗਾਈ ਗਈ ਹੈ।
ਚੰਡੀਗੜ੍ਹ : ਅੱਜ ਕਿਸਾਨ ਏਕਤਾ ਮੋਰਚਾ ਅਤੇ ਟਰੈਕਟਰ ਟੂ ਟਵਿੱਟਰ ਅਕਾਊਂਟ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਅਜੇ ਬੀਤੇ ਕੱਲ੍ਹ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ SYL ਗੀਤ ਨੂੰ Youtube ਤੋਂ ਹਟਾ ਦਿੱਤ ਗਿਆ ਹੈ। ਮਰਹੂਮ ਗਾਇਕ ਦਾ ਗਾਣਾ ਭਾਰਤ ਵਿਚ ਬੈਨ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅੱਜ ਟਵਿੱਟਰ ਨੇ ਕਿਸਾਨ ਏਕਤਾ ਮੋਰਚਾ ਅਤੇ ਟਰੈਕਟਰ ਟੂ ਟਵਿੱਟਰ ਅਕਾਊਂਟ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਕੁਝ ਕਿਸਾਨ ਸਮਰਥਕਾਂ ਦੇ ਟਵਿੱਟਰ ਖਾਤਿਆਂ 'ਤੇ ਵੀ ਰੋਕ ਲਗਾਈ ਗਈ ਹੈ।
ਕਿਸਾਨ ਏਕਤਾ ਮੋਰਚਾ ਦੇ ਟਵਿੱਟਰ ਅਕਾਊਂਟ ਦੇ ਪੰਜ ਲੱਖ ਫਾਲੋਅਰਜ਼ ਸਨ ਅਤੇ ਟਰੈਕਟਰ ਟੂ ਟਵਿੱਟਰ ਦੇ 55 ਹਜ਼ਾਰ ਫਾਲੋਅਰਜ਼ ਸਨ। ਇਨ੍ਹਾਂ ਰਾਹੀਂ ਕਿਸਾਨਾਂ ਨੂੰ ਬਦਨਾਮ ਕਰਨ ਵਾਲੀਆਂ ਪੋਸਟਾਂ ਦਾ ਜਵਾਬ ਦਿੱਤਾ ਜਾਂਦਾ ਹੈ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਦੱਸਿਆ ਜਾਂਦਾ ਸੀ। ਇਹ ਟਵਿੱਟਰ ਅਕਾਊਂਟ ਬੰਦ ਕਰਨ ਨੂੰ ਲੈ ਕੇ ਕਿਸਾਨ ਆਗੂ ਹਰਮੀਤ ਕਾਦੀਆ ਨੇ ਵੀ ਅਪਣੀ ਪ੍ਰਤੀਕਿਰਿਆ ਦਿੱਤੀ ਹੈ।
ਹਰਮੀਤ ਕਾਦੀਆ ਨੇ ਟਵੀਟ ਕਰ ਕੇ ਲਿਖਿਆ
''ਬੋਲਣ ਦੀ ਆਜ਼ਾਦੀ ਇੱਕ ਮਨੁੱਖੀ ਅਧਿਕਾਰ ਹੈ ਅਤੇ ਲੋਕਤੰਤਰ ਦੀ ਬੁਨਿਆਦ ਹੈ। ਜੇ ਬੋਲਣ ਦੀ ਆਜ਼ਾਦੀ 'ਤੇ ਪਾਬੰਦੀ ਲਗਾਈ ਜਾਂਦੀ ਹੈ ਤਾਂ ਉਹ ਲੋਕਤੰਤਰ 'ਤੇ ਪਾਬੰਦੀ ਹੈ। ਕਿਸਾਨ ਏਕਤਾ ਮੋਰਚਾ ਅਤੇ 'ਟਰੈਕਟਰ ਟੂ ਟਵਿੱਟਰ' 'ਤੇ ਪਾਬੰਦੀ ਕਿਸਾਨਾਂ ਦੀ ਬੋਲਣ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ।''
ਕਿਸਾਨ ਆਗੂ ਦਰਸ਼ਨ ਪਾਲ ਨੇ ਵੀ ਦਿੱਤੀ ਪ੍ਰਤੀਕਿਰਿਆ
ਉਹਨਾਂ ਨੇ ਟਵੀਟ ਕਰ ਕੇ ਲਿਖਿਆ ਕਿ ਟਰੈਕਟਰ ਟੂ ਟਵਿੱਟਰ ਅਕਾਊਂਟ ਨੂੰ ਬਹਾਲ ਕੀਤਾ ਜਾਵੇ ਕਿਉਂਕਿ ਇਸ ਅਕਾਊਂਟ ਤੋਂ ਸਿਰਫ਼ ਕਿਸਾਨਾਂ ਦੀ ਅਵਾਜ਼ ਬੁਲੰਦ ਕੀਤੀ ਗਈ ਹੈ, ਇਸਅਕਾਊਂਟ 'ਤੇ ਕੋਈ ਵੀ ਅਜਿਹੀ ਸਕੀਮ ਨਹੀਂ ਦੇਖੀ ਗਈ ਜੋ ਮਾਹੌਲ ਖ਼ਰਾਬ ਕਰੇ।