
17 ਪਾਸਪੋਰਟ ਬਰਾਮਦ, 1 ਟ੍ਰੈਵਲ ਏਜੰਟ 'ਤੇ ਦਰਜ ਹਨ 116 ਮਾਮਲੇ
ਮੁਹਾਲੀ - ਮੁਹਾਲੀ ਪੁਲਿਸ ਨੇ ਬਿਨਾਂ ਲਾਇਸੈਂਸ ਤੋਂ ਚੱਲ ਰਹੀਆਂ 4 ਇਮੀਗ੍ਰੇਸ਼ਨ ਕੰਪਨੀਆਂ ਖਿਲਾਫ਼ ਕਾਰਵਾਈ ਕਰਦੇ ਹੋਏ 4 ਫਰਜ਼ੀ ਟਰੈਵਲ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਫਰਜ਼ੀ ਟਰੈਵਲ ਏਜੰਟ ਮੁਹਾਲੀ 'ਚ ਵੱਖ-ਵੱਖ ਫੇਜ਼ਾਂ 'ਚ ਵੱਖ-ਵੱਖ ਨਾਵਾਂ 'ਤੇ ਇਮੀਗ੍ਰੇਸ਼ਨ ਦਫ਼ਤਰ ਚਲਾ ਰਹੇ ਸਨ। ਇਨ੍ਹਾਂ ਵਿਚੋਂ 3 ਕੇਸ ਫੇਜ਼-1 ਥਾਣੇ ਵਿਚ ਦਰਜ ਹਨ, ਜਦੋਂ ਕਿ ਇੱਕ ਕੇਸ ਮਟੌਰ ਥਾਣੇ ਵਿਚ ਦਰਜ ਹੈ। ਮੁਲਜ਼ਮਾਂ ਦੀ ਪਛਾਣ ਸਾਹਿਲ ਘਈ ਵਾਸੀ ਹੈਬੋਵਾਲ ਕਲਾਂ ਲੁਧਿਆਣਾ, ਅਰਪਿੰਦਰ ਸਿੰਘ ਵਾਸੀ ਫੇਜ਼-5 ਮੁਹਾਲੀ, ਚਰਨਦੀਪ ਸਿੰਘ ਵਾਸੀ ਸੈਕਟਰ-68 ਅਤੇ ਕੁਲਦੀਪ ਬੋਹੜਾ ਵਾਸੀ ਬਲਾਚੌਰ ਰੋਪੜ ਵਜੋਂ ਹੋਈ ਹੈ।
ਸਾਰਿਆਂ ਦੇ ਖਿਲਾਫ਼ ਮਾਮਲੇ ਦਰਜ ਹਨ। 24 ਜੂਨ ਨੂੰ ਫੇਜ਼-1 ਥਾਣੇ ਦੀ ਪੁਲਿਸ ਨੇ ਕੁਲਦੀਪ ਵੋਹਰਾ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਨੇ ਬੀ-ਟਾਊਨ ਓਵਰਸੀਜ਼ ਨਾਂ ਦੀ ਇਮੀਗ੍ਰੇਸ਼ਨ ਕੰਪਨੀ ਖੋਲ੍ਹੀ ਹੋਈ ਸੀ। ਉਹ ਸੋਸ਼ਲ ਮੀਡੀਆ 'ਤੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਲੈਂਦਾ ਸੀ। ਉਹ ਬਿਨਾਂ ਲਾਇਸੈਂਸ ਤੋਂ ਕੰਪਨੀ ਚਲਾ ਰਿਹਾ ਸੀ। ਮੁਲਜ਼ਮਾਂ ਕੋਲੋਂ ਦੋ ਪਾਸਪੋਰਟ ਬਰਾਮਦ ਹੋਏ ਹਨ। 24 ਜੂਨ ਨੂੰ ਥਾਣਾ ਮਟੌਰ ਦੀ ਪੁਲਿਸ ਨੇ ਚਰਨਦੀਪ ਸਿੰਘ ਖ਼ਿਲਾਫ਼ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਮੁਲਜ਼ਮ ਸਟੱਡੀ ਵੀਜ਼ਾ ਅਤੇ ਟੂਰਿਸਟ ਵੀਜ਼ੇ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਮਾਰ ਰਿਹਾ ਸੀ। ਉਸ ਨੇ ਸੈਕਟਰ-70 ਵਿਚ ਪਾਥਵੇਅ ਨਾਂ ਹੇਠ ਦਫ਼ਤਰ ਖੋਲ੍ਹਿਆ ਹੋਇਆ ਸੀ। 22 ਜੂਨ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਫੇਜ਼-1 ਦੀ ਪੁਲਿਸ ਨੇ ਅਰਪਿੰਦਰ ਸਿੰਘ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ। ਮੁਲਜ਼ਮ ਅਰਪਿੰਦਰ ਨੇ ਮੋਹਾਲੀ ਫੇਜ਼-5 ਦੀ ਮਾਰਕੀਟ ਵਿਚ ਇਮੀ ਕੌਸ਼ਲ ਕੰਸਲਟੈਂਟ ਦਾ ਬੋਰਡ ਲਗਾ ਕੇ ਇਮੀਗ੍ਰੇਸ਼ਨ ਦਫ਼ਤਰ ਖੋਲ੍ਹਿਆ ਹੋਇਆ ਸੀ। ਉਹ ਸੋਸ਼ਲ ਮੀਡੀਆ 'ਤੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਫਰਜ਼ੀ ਵੀਜ਼ੇ ਦਿੰਦਾ ਸੀ। 17 ਜੂਨ ਨੂੰ ਸਾਹਿਲ ਘਈ ਅਤੇ ਨਿਤਿਨ ਘਈ ਵਿਰੁੱਧ ਫੇਜ਼-1 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ।
ਮੁਲਜ਼ਮ ਫੇਜ਼-7 ਵਿਚ ਓਵਰਸੀਜ਼ ਇਮੀਗ੍ਰੇਸ਼ਨ ਨਾਂ ਦੀ ਫਰਜ਼ੀ ਕੰਪਨੀ ਚਲਾ ਰਹੇ ਸਨ। ਉਹ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਦਾ ਸੀ। ਇੱਕ ਵਟਸਐਪ ਨੰਬਰ (8054100112) ਬਿਨਾਂ ਲਾਇਸੈਂਸ ਵਾਲੀ ਇਮੀਗ੍ਰੇਸ਼ਨ ਕੰਪਨੀ ਚਲਾਉਣ ਜਾਂ ਇਸ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਲਈ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਿਕਾਇਤਕਰਤਾ 112 ਕੰਟਰੋਲ ਰੂਮ 'ਤੇ ਵੀ ਸ਼ਿਕਾਇਤ ਦੇ ਸਕਦਾ ਹੈ। ਐਸਐਸਪੀ ਨੇ ਅਪੀਲ ਕੀਤੀ ਹੈ ਕਿ ਜਿਹੜਾ ਵੀ ਵਿਅਕਤੀ ਵਿਦੇਸ਼ ਜਾਣ ਲਈ ਕਿਸੇ ਟਰੈਵਲ ਏਜੰਸੀ ਨਾਲ ਸੰਪਰਕ ਕਰਦਾ ਹੈ, ਉਹ ਸਬੰਧਤ ਏਜੰਸੀ ਦੀ ਰਜਿਸਟ੍ਰੇਸ਼ਨ ਬਾਰੇ ਜਾਣਕਾਰੀ ਜ਼ਰੂਰ ਪ੍ਰਾਪਤ ਕਰੇ।