
ਐਤਵਾਰ ਨੂੰ ਪੰਜਾਬ ਵਿਚ ਕੋਰੋਨਾ ਦਾ ਕਹਿਰ ਹੋਰ ਵੱਧ ਗਿਆ ਹੈ ਅਤੇ ਮੌਤਾਂ ਤੇ ਪਾਜ਼ੇਟਿਵ ਮਾਮਲਿਆਂ ਦੀ 24 ਘੰਟੇ
ਚੰਡੀਗੜ੍ਹ, 26 ਜੁਲਾਈ (ਗੁਰਉਪਦੇਸ਼ ਭੁੱਲਰ): ਐਤਵਾਰ ਨੂੰ ਪੰਜਾਬ ਵਿਚ ਕੋਰੋਨਾ ਦਾ ਕਹਿਰ ਹੋਰ ਵੱਧ ਗਿਆ ਹੈ ਅਤੇ ਮੌਤਾਂ ਤੇ ਪਾਜ਼ੇਟਿਵ ਮਾਮਲਿਆਂ ਦੀ 24 ਘੰਟੇ ਦੌਰਾਨ ਰਫ਼ਤਾਰ ਤੇਜ਼ ਹੋਈ ਹੈ। ਸ਼ਾਮ ਤਕ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮੇਂ ਦੌਰਾਨ ਕੋਰੋਨਾ ਨਾਲ 15 ਹੋਰ ਮੌਤਾਂ ਹੋਈਆਂ ਹਨ ਅਤੇ 550 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਇਕ ਦਿਨ ਦਾ ਇਹ ਅੰਕੜਾ ਅੱਜ ਤਕ ਦਾ ਸੱਭ ਤੋਂ ਵੱਧ ਹੈ। ਭਾਵੇਂ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਵਿਚ ਮੌਤਾਂ ਦੀ ਗਿਣਤੀ ਜ਼ਿਆਦਾ ਰਹੀ ਹੈ ਪਰ ਹੁਣ ਜ਼ਿਲ੍ਹਾ ਲੁਧਿਆਣਾ ਵਿਚ ਪਾਜ਼ੇਟਿਵ ਕੇਸ ਵਧਣ ਨਾਲ ਮੌਤਾਂ ਦੀ ਗਿਣਤੀ ਵੀ ਵਧੀ ਹੈ।
ਅੱਜ ਲੁਧਿਆਣਾ ਜ਼ਿਲ੍ਹੇ ਵਿਚ 5 ਮੌਤਾਂ ਹੋਈਆਂ ਹਨ ਜਦਕਿ ਬੀਤੇ ਦਿਨੀਂ 4 ਮੌਤਾਂ ਹੋਈਆਂ ਸਨ। ਅੱਜ ਹੋਈਆਂ ਮੌਤਾਂ ਵਿਚ ਰੋਪੜ, ਅੰਮ੍ਰਿਤਸਰ ਤੇ ਗੁਰਦਾਸਪੁਰ ਵਿਚ 2-2 ਮਾਮਲੇ ਹਨ ਜਦਕਿ ਮੋਹਾਲੀ, ਜਲੰਧਰ, ਬਠਿੰਡਾ ਤੇ ਨਵਾਂਸ਼ਹਿਰ ਵਿਚ 1-1 ਮੌਤ ਹੋਈ ਹੈ। ਮੌਤਾਂ ਦੀ ਕੁਲ ਗਿਣਤੀ ਜਿਥੇ 309 ਤਕ ਪਹੁੰਚ ਗਈ ਹੈ ਉਥੇ ਸੂਬੇ ਵਿਚ ਕੁਲ ਪਾਜ਼ੇਟਿਵ ਕੇਸਾਂ ਦਾ ਅੰਕੜਾ ਵੀ 13230 ਤਕ ਪਹੁੰਚ ਗਿਆ ਹੈ। 8810 ਮਰੀਜ਼ ਠੀਕ ਹੋਏ ਹਨ। 4102 ਇਲਾਜ ਅਧੀਨ ਮਰੀਜ਼ਾਂ ਵਿਚੋਂ ਗੰਭੀਰ ਮਰੀਜ਼ਾਂ ਦੀ ਗਿਣਤੀ ਵੀ ਵਧ ਕੇ 125 ਤਕ ਪਹੁੰਚ ਚੁਕੀ ਹੈ। ਇਨ੍ਹਾਂ ਵਿਚੋਂ 20 ਵੈਂਟੀਲੇਟਰ ਉਪਰ ਹਨ।